ਗੁਰੂਗ੍ਰਾਮ — ਗੁਰੂਗ੍ਰਾਮ ਵਿਚ ਜੱਜ ਦੀ ਪਤਨੀ ਅਤੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਦੇ ਮਾਮਲੇ ਵਿਚ ਪੁਲਸ ਨੇ ਦੋਸ਼ੀ ਮਹੀਪਾਲ ਦੀ ਮਾਂ ਅਤੇ ਮਾਮੇ ਦੇ ਮੁੰਡੇ ਨੂੰ ਹਿਰਾਸਤ ਵਿਚ ਲਿਆ ਹੈ। ਦੋਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਗੰਨਮੈਨ ਮਹੀਪਾਲ ਨੇ ਗੋਲੀ ਮਾਰਨ ਤੋਂ ਬਾਅਦ ਆਪਣੇ ਮਾਮੇ ਦੇ ਮੁੰਡੇ ਰਾਜੇਸ਼ ਨੂੰ ਫੋਨ ਕੀਤਾ ਸੀ। ਉਸ ਨੇ ਕਿਹਾ ਸੀ ਕਿ ਮੈਂ ਜੱਜ ਦੀ ਪਤਨੀ ਅਤੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ, ਤੂੰ ਮੇਰੇ ਪਰਿਵਾਰ ਨੂੰ ਗੁਰੂਗ੍ਰਾਮ ਤੋਂ ਲੈ ਜਾ। ਪੁਲਸ ਨੂੰ ਦੋਸ਼ੀ ਮਹੀਪਾਲ ਦੇ ਫੇਸਬੁੱਕ ਅਕਾਊਂਟ ਤੋਂ ਕੁਝ ਸੁਰਾਗ ਮਿਲੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸੁਰਾਗ ਇਸ਼ਾਰਾ ਕਰਦੇ ਹਨ ਕਿ ਮਹੀਪਾਲ ਨੇ ਪਹਿਲਾਂ ਤੋਂ ਹੀ ਹੱਤਿਆ ਦੀ ਯੋਜਨਾ ਬਣਾਈ ਸੀ।
ਦੋਸ਼ੀ ਮਹੀਪਾਲ ਨੇ 12 ਅਕਤੂਬਰ ਨੂੰ ਹੀ ਇਸ ਹੱਤਿਆਕਾਂਡ ਦੀ ਯੋਜਨਾ ਬਣਾ ਲਈ ਸੀ। ਦਰਅਸਲ ਦੋਸ਼ੀ ਨੇ 12 ਅਕਤੂਬਰ ਨੂੰ ਆਪਣੇ ਅਕਾਊਂਟ ‘ਤੇ ਇਕ ਪੋਸਟ ਸਾਂਝੀ ਕੀਤੀ ਸੀ। ਉਸ ਨੇ ਇਕ ਪੇਜ਼ ਦੀ ਤਸਵੀਰ ਪੋਸਟ ਕੀਤੀ ਸੀ, ਜਿਸ ‘ਤੇ ਕੁਝ ਲਿਖਿਆ ਹੈ। ਹੇਠਾਂ 7 ਬਿੰਦੀਆਂ ਬਣੀਆਂ ਹਨ ਅਤੇ ਹਰ ਬਿੰਦੀ ਅੱਗੇ ਇਕ ਅੱਖਰ ਲਿਖਿਆ ਹੈ। ਠੀਕ ਉਸ ਦੇ ਨਾਲ 4 ਬਿੰਦੀਆਂ ਹੋਰ ਬਣੀਆਂ ਹਨ, ਜਿਸ ਵਿਚ ਦੋ ਬਿੰਦੀਆਂ ਦੇ ਅੱਗੇ D ਅਤੇ R ਲਿਖਿਆ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਜੱਜ ਦੀ ਪਤਨੀ ਰਿਤੂ ਅਤੇ ਬੇਟੇ ਧਰੂਵ ਦੇ ਨਾਵਾਂ ਦੇ ਪਹਿਲੇ-ਪਹਿਲੇ ਅੱਖਰ ਹਨ। ਫਿਲਹਾਲ ਇਸ ਮਾਮਲੇ ਵਿਚ ਅਜੇ ਜਾਂਚ ਚੱਲ ਰਹੀ ਹੈ। ਪੁਲਸ ਨੇ ਇਹ ਵੀ ਦੱਸਿਆ ਕਿ ਮਹੀਪਾਲ ਈਸਾਈ ਧਰਮ ਨੂੰ ਫਾਲੋ ਕਰ ਰਿਹਾ ਸੀ। ਓਧਰ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮਹੀਪਾਲ ਨੂੰ 4 ਦਿਨਾਂ ਦੀ ਪੁਲਸ ਰਿਮਾਂਡ ‘ਤੇ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਇਹ ਮਾਮਲਾ ਸ਼ਨੀਵਾਰ ਦਾ ਹੈ, ਜਿਸ ‘ਚ ਵਧੀਕ ਸੈਸ਼ਨ ਜੱਜ ਕ੍ਰਿਸ਼ਨ ਕਾਂਤ ਦੇ ਸੁਰੱਖਿਆ ਕਰਮਚਾਰੀ ਮਹੀਪਾਲ ਨੇ ਸ਼ਰੇਆਮ ਜੱਜ ਦੀ ਪਤਨੀ ਅਤੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦੋਵੇਂ ਮਾਂ-ਪੁੱਤ 3 ਵਜੇ ਦੇ ਕਰੀਬ ਗੁਰੂਗ੍ਰਾਮ ਦੇ ਸੈਕਟਰ 49 ਸਥਿਤ ਇਕ ਮਾਰਕੀਟ ਗਏ ਸਨ, ਉਨ੍ਹਾਂ ਨਾਲ ਗੰਨਮੈਨ ਮਹੀਪਾਲ ਵੀ ਸੀ। ਕੁਝ ਦੇਰ ਬਾਅਦ ਮਾਰਕੀਟ ਤੋਂ ਬਾਹਰ ਆਉਣ ‘ਤੇ ਧਰੂਵ ਨੇ ਮਹੀਪਾਲ ਨੂੰ ਕਾਰ ਲਿਆਉਣ ਨੂੰ ਕਿਹਾ। ਇਸ ਦੌਰਾਨ ਦੋਹਾਂ ਵਿਚਾਲੇ ਕੁਝ ਤਿੱਖੀ ਬਹਿਸ ਹੋਈ ਅਤੇ ਮਹੀਪਾਲ ਨੇ ਜੱਜ ਦੀ ਪਤਨੀ ਅਤੇ ਉਸ ਦੇ ਬੇਟੇ ਨੂੰ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ।