ਚੰਗਾ ਹਿੰਦੂ ਵਿਵਾਦਤ ਸਥਾਨ ‘ਤੇ ਰਾਮ ਮੰਦਰ ਨਹੀਂ ਚਾਹੇਗਾ : ਸ਼ਸ਼ੀ ਥਰੂਰ

ਨਵੀਂ ਦਿੱਲੀ—ਅਯੁੱਧਿਆ ‘ਚ ਰਾਮ ਮੰਦਰ ਨੂੰ ਲੈ ਕੇ ਇਕ ਵਾਰ ਫਿਰ ਸਿਆਸਤ ਗਰਮਾ ਗਈ ਹੈ। ਉਥੇ ਹੀ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਇਸ ਬਾਰੇ ਵਿਵਾਦਤ ਬਿਆਨ ਦਿੱਤਾ ਹੈ। ਥਰੂਰ ਅਨੁਸਾਰ ‘ਚੰਗਾ ਹਿੰਦੂ ਵਿਵਾਦਤ ਸਥਾਨ ‘ਤੇ ਰਾਮ ਮੰਦਰ ਨਹੀਂ ਚਾਹੇਗਾ’। ਉਨ੍ਹਾਂ ਦੇ ਇਸ ਬਿਆਨ ਨੇ ਇਕ ਨਵੇਂ ਵਿਵਾਦ ਨੂੰ ਜਨਮ ਦਿੱਤਾ ਹੈ।
ਕਾਂਗਰਸੀ ਨੇਤਾ ਨੇ ਚੇਨਈ ‘ਚ ਆਯੋਜਿਤ ‘ਦਿ ਹਿੰਦੂ ਲਿਟ ਫਾਰ ਲਾਈਫ ਡਾਇਲਾਗ 2018’ ‘ਚ ਕਿਹਾ ਕਿ ਹਿੰਦੂ ਲੋਕ ਅਯੁੱਧਿਆ ‘ਚ ਭਗਵਾਨ ਰਾਮ ਦਾ ਜਨਮ ਸਥਾਨ ਮੰਨਦੇ ਹਨ। ਇਸ ਲਈ ਕੋਈ ਵੀ ਚੰਗਾ ਵਿਅਕਤੀ ਦੂਜਿਆਂ ਦੇ ਢਾਹੇ ਗਏ ਪੂਜਾ ਸਥਾਨ ‘ਤੇ ਰਾਮ ਮੰਦਰ ਦਾ ਨਿਰਮਾਣ ਨਹੀਂ ਚਾਹੇਗਾ।
ਉਥੇ ਹੀ ਸ਼ਸ਼ੀ ਥਰੂਰ ਦੇ ਇਸ ਬਿਆਨ ‘ਤੇ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਥਰੂਰ ਦਾ ਬਿਆਨ ਕਾਂਗਰਸ ਨੂੰ ਭਾਰੀ ਨੁਕਸਾਨ ਪਹੁੰਚਾਏਗਾ। ਉਹ ਆਪਣੇ ਨੇਤਾ ਦੇ ਬਿਆਨ ਤੋਂ ਦੂਰੀ ਬਣਾ ਲਵੇਗੀ। ਉਨ੍ਹਾਂ ਕਿਹਾ ਕਿ ਰਾਮ ਮੰਦਰ ਤੇ ਹਿੰਦੂਤਵ ਦੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਸਾਰੇ ਸੰਤ ਅਯੁੱਧਿਆ ‘ਚ ਰਾਮ ਮੰੰਦਰ ਦਾ ਨਿਰਮਾਣ ਹੁੰਦਾ ਦੇਖਣਾ ਚਾਹੁੰਦੇ ਹਨ। ਉਥੇ ਹੀ ਭਾਜਪਾ ਨੇਤਾ ਜੀ.ਵੀ.ਐੱਲ. ਨਰਸਿਮ੍ਹਾ ਨੇ ਕਿਹਾ ਕਿ ਕਾਂਗਰਸ ਦੇ ਨੇਤਾ ਵਾਰ-ਵਾਰ ਅਜਿਹਾ ਬਿਆਨ ਇਸ ਲਈ ਦੇ ਰਹੇ ਹਨ ਕਿ ਅਯੁੱਧਿਆ ‘ਚ ਮੰਦਰ ਨਾ ਬਣੇ।
ਜ਼ਿਕਰਯੋਗ ਹੈ ਕਿ ਅਯੁੱਧਿਆ ਦਾ ਮਾਮਲਾ ਸੁਪਰੀਮ ਕੋਰਟ ‘ਚ ਚੱਲ ਰਿਹਾ ਹੈ ਤੇ ਕੋਰਟ 29 ਅਕਤੂਬਰ ਤੋਂ ਇਸ ‘ਤੇ ਸੁਣਵਾਈ ਕਰਨ ਜਾ ਰਿਹਾ ਹੈ।