ਨਵੀਂ ਦਿੱਲੀ — ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਇਸ ਵਾਰ ਬੀ. ਐੱਸ. ਐੱਫ. ਜਵਾਨਾਂ ਨਾਲ ਦੁਸਹਿਰਾ ਮਨਾਉਣਗੇ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਮੁਤਾਬਕ ਰਾਜਨਾਥ ਸਿੰਘ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਬੀਕਾਨੇਰ ਵਿਚ ‘ਸ਼ਸਤਰ ਪੂਜਾ’ ਕਰਨਗੇ ਅਤੇ ਦੁਸਹਿਰਾ ਮਨਾਉਣਗੇ। ਅਜਿਹਾ ਪਹਿਲੀ ਵਾਰ ਹੈ ਕਿ ਜਦੋਂ ਕੇਂਦਰ ਸਰਕਾਰ ਦੇ ਸੀਨੀਅਰ ਮੰਤਰੀ ਪਾਕਿਸਤਾਨ ਨਾਲ ਲੱਗਦੀ ਭਾਰਤ ਦੀ ਸਰਹੱਦ ਨੇੜੇ ‘ਸ਼ਸਤਰ ਪੂਜਾ’ ਕਰਨਗੇ। ਗ੍ਰਹਿ ਮੰਤਰੀ 19 ਅਕਤੂਬਰ ਨੂੰ ਭਾਰਤ-ਪਾਕਿਸਤਾਨ ਸਰਹੱਦ ਨੇੜੇ ਰਾਜਸਥਾਨ ਦੇ ਬੀਕਾਨੇਰ ਵਿਚ ਬੀ. ਐੱਸ. ਐੱਫ ਦੇ ਜਵਾਨਾਂ ਨਾਲ ਦੁਸਹਿਰਾ ਮਨਾਉਣਗੇ।
ਰਾਵਣ ‘ਤੇ ਭਗਵਾਨ ਰਾਮ ਦੀ ਜਿੱਤ ਦੀ ਖੁਸ਼ੀ ਵਿਚ ਦੁਸਹਿਰਾ ਦੇ ਤਿਉਹਾਰ ਦੌਰਾਨ ਹਥਿਆਰਾਂ ਦੀ ਪੂਜਾ ਕੀਤੀ ਜਾਂਦੀ ਹੈ। ਆਪਣੇ ਦੋ ਦਿਨਾਂ ਦੇ ਦੌਰੇ ਦੌਰਾਨ ਗ੍ਰਹਿ ਮੰਤਰੀ 18 ਅਕਤੂਬਰ ਨੂੰ ਬੀਕਾਨੇਰ ਪਹੁੰਚਣਗੇ। ਰਾਜਨਾਥ ਵਲੋਂ ਸਰਹੱਦ ‘ਤੇ ਹਾਲਾਤ ਅਤੇ ਬੁਨਿਆਦੀ ਢਾਂਚੇ ਨਾਲ ਜੁੜੇ ਵੱਖ-ਵੱਖ ਪ੍ਰਾਜੈਕਟਾਂ ਵਿਚ ਤਰੱਕੀ ਦੀ ਸਮੀਖਿਆ ਕਰਨ ਦੀ ਸੰਭਾਵਨਾ ਹੈ।
ਇਕ ਹੋਰ ਅਧਿਕਾਰੀ ਨੇ ਕਿਹਾ ਕਿ ਉਹ ਜਵਾਨਾਂ ਨਾਲ ਭੋਜਨ ਵੀ ਕਰਨਗੇ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਸੰਬੋਧਿਤ ਕਰਨਗੇ। ਭਾਰਤ-ਪਾਕਿਸਤਾਨ ਵਿਚਾਲੇ 3,323 ਕਿਲੋਮੀਟਰ ਦੀ ਸਰਹੱਦ ਬਹੁਤ ਸੰਵੇਦਨਸ਼ੀਲ ਹੈ। ਰਾਜਸਥਾਨ ਵਿਚ ਸਰਹੱਦ ‘ਤੇ ਸ਼ਾਂਤੀ ਹੈ ਪਰ ਜੰਮੂ-ਕਸ਼ਮੀਰ ‘ਚ ਅਕਸਰ ਗੋਲੀਬਾਰੀ ਹੁੰਦੀ ਹੈ ਅਤੇ ਇਸ ਨਾਲ ਜਾਨੀ-ਮਾਲੀ ਕਾਫੀ ਨੁਕਸਾਨ ਹੁੰਦਾ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੁਸਹਿਰਾ ਮਨਾਉਣ ਲਈ ਉੱਤਰਾਖੰਡ ਵਿਚ ਚੀਨ-ਭਾਰਤ ਦੀ ਸਰਹੱਦ ਨਾਲ ਲੱਗਦੇ ਜੋਸ਼ੀਮਠ ਗਏ ਸਨ।