ਕਸੌਲੀ (ਸੋਲਨ)— ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਪਾਕਿਸਤਾਨ ਦੀ ਤਾਰੀਫ ਦੇ ਕਸੀਦੇ ਪੜ੍ਹੇ ਹਨ। ਸਿੱਧੂ ਦਾ ਪਾਕਿਸਤਾਨ ਪ੍ਰਤੀ ਪਿਆਰ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿਚ ਚਲ ਰਹੇ ਸਾਹਿਤ ਫੈਸਟੀਵਲ ਦੌਰਾਨ ਦੇਖਣ ਨੂੰ ਮਿਲਿਆ। ਸਿੱਧੂ ਖੁਸ਼ਵੰਤ ਸਿੰਘ ਸਾਹਿਤ ਫੈਸਟੀਵਲ ਲਈ ਸ਼ੁੱਕਰਵਾਰ ਨੂੰ ਕਸੌਲੀ ਪੁੱਜੇ। ਫੈਸਟੀਵਲ ਦੇ ਪਹਿਲੇ ਸੈਸ਼ਨ ‘ਚ ਚਰਚਾ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਦੀ ਯਾਤਰਾ ਨੂੰ ਕਈ ਮਾਇਨਿਆਂ ਵਿਚ ਦੱਖਣੀ ਭਾਰਤ ਤੋਂ ਬਿਹਤਰ ਕਰਾਰ ਦਿੱਤਾ।
ਸਿੱਧੂ ਨੇ ਕਿਹਾ ਕਿ ਤੁਸੀਂ ਪਾਕਿਸਤਾਨ ਵਿਚ ਕਿਤੇ ਵੀ ਯਾਤਰਾ ਕਰ ਲਵੋ, ਉੱਥੇ ਨਾ ਤਾਂ ਭਾਸ਼ਾ ਬਦਲਦੀ ਹੈ, ਨਾ ਹੀ ਖਾਣਾ ਬਦਲਦਾ ਹੈ ਅਤੇ ਨਾ ਹੀ ਲੋਕ ਬਦਲਦੇ ਹਨ, ਜਦਕਿ ਦੱਖਣੀ ਭਾਰਤ ਵਿਚ ਜਾਣ ‘ਤੇ ਭਾਸ਼ਾ ਤੋਂ ਲੈ ਕੇ ਖਾਣ-ਪੀਣ ਤਕ ਸਭ ਕੁਝ ਬਦਲ ਜਾਂਦਾ ਹੈ। ਇੱਥੋਂ ਤਕ ਕਿ ਦੱਖਣੀ ਭਾਰਤ ਵਿਚ ਰਹਿਣ ਲਈ ਅੰਗਰੇਜ਼ੀ ਜਾਂ ਤੇਲਗੂ ਭਾਸ਼ਾ ਸਿਖਣੀ ਪੈਂਦੀ ਹੈ ਪਰ ਪਾਕਿਸਤਾਨ ਵਿਚ ਅਜਿਹਾ ਨਹੀਂ ਹੈ। ਸਿੱਧੂ ਦੇ ਇਸ ਪਾਕਿਸਤਾਨ ਪਿਆਰ ਨੂੰ ਲੈ ਕੇ ਇਕ ਵਾਰ ਫਿਰ ਤੋਂ ਵਿਵਾਦ ਪੈਦਾ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਸਿੱਧੂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਗਏ ਸਨ ਅਤੇ ਉੱਥੇ ਉਨ੍ਹਾਂ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾ ਲਈ ਸੀ। ਇਸ ਦੌਰਾਨ ਵੀ ਸਿੱਧੂ ਨੇ ਬਾਜਵਾ ਅਤੇ ਪਾਕਿਸਤਾਨ ਦੀ ਤਰੀਫ ਵਿਚ ਕਸੀਦੇ ਪੜ੍ਹੇ ਸਨ। ਉਨ੍ਹਾਂ ਨੇ ਉਸ ਦੌਰਾਨ ਪਾਕਿਸਤਾਨ ਦੇ ਇਸਲਾਮਾਬਾਦ ਵਿਚ ਹੋਈ ਪ੍ਰੈੱਸ ਕਾਨਫਰੰਸ ਵਿਚ ਕਿਹਾ ਸੀ ਕਿ ਮੈਂ ਮੁਹੱਬਤ ਦਾ ਪੈਗਾਮ ਹਿੰਦੁਸਤਾਨ ਤੋਂ ਲਿਆਇਆ ਸੀ, ਜਿੰਨੀ ਮੁਹੱਬਤ ਮੈਂ ਲੈ ਕੇ ਆਇਆ ਸੀ, ਉਸ ਤੋਂ 100 ਗੁਣਾ ਵਧ ਮੁਹੱਬਤ ਮੈਂ ਵਾਪਸ ਲੈ ਕੇ ਜਾ ਰਿਹਾ ਹਾਂ। ਬਾਅਦ ਵਿਚ ਸਿੱਧੂ ਨੇ ਸਫਾਈ ‘ਚ ਕਿਹਾ ਸੀ ਕਿ ਪਾਕਿਸਤਾਨ ਦੇ ਫੌਜ ਮੁਖੀ ਨੇ ਜਦੋਂ ਕਿਹਾ ਕਿ ਸ੍ਰੀ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਤਿਆਰ ਹਨ ਤਾਂ ਉਨ੍ਹਾਂ ਨੇ ਖੁਸ਼ੀ ਵਿਚ ਉਨ੍ਹਾਂ ਨੂੰ ਜੱਫੀ ਪਾ ਲਈ ਸੀ। ਉਨ੍ਹਾਂ ਕੋਲ ਆਪਣੀ ਖੁਸ਼ੀ ਜ਼ਾਹਰ ਕਰਨ ਦਾ ਹੋਰ ਕੋਈ ਰਸਤਾ ਨਹੀਂ ਸੀ।