ਮੁੱਖ ਮੰਤਰੀ ਦੇ ਆਦੇਸ਼ਾਂ ਤਹਿਤ ਪੰਜਾਬ ਪੁਲਿਸ ਵਲੋਂ ਭਗੌੜੇ ਨਸ਼ਿਆਂ ਤਸਕਰਾਂ ਖਿਲਾਫ਼ ਮੁਹਿੰਮ ਵਿੱਢਣ ਦਾ ਫੈਸਲਾ

ਡੀ.ਜੀ.ਪੀ ਅਰੋੜਾ ਵਲੋਂ ਐਸ.ਟੀ.ਐਫ, ਬੀ.ਆਈ.ਓ ਤੇ ਖੁਫੀਆ ਵਿੰਗ ਨਾਲ ਸਾਂਝੀ ਮੀਟਿੰਗ
ਚੰਡੀਗੜ੍ਹ/ਐਸ.ਏ.ਐਸ. ਨਗਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਹੋਰ ਤੇਜ ਕਰਦਿਆਂ ਵਿਚ ਪੰਜਾਬ ਪੁਲਿਸ ਨੇ ਦੇਸ਼ ਛੱਡ ਕੇ ਭਗੌੜੇ ਹੋਏ ਨਸ਼ਾ ਤਸਕਰਾਂ ਖਿਲਾਫ਼ ਤਿੱਖੀ ਮੁਹਿੰਮ ਵਿੱਢਣ ਦਾ ਫੈਸਲਾ ਲਿਆ ਹੈ।
ਇਹ ਜਾਣਕਾਰੀ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਵਲੋਂ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ), ਖੁਫੀਆ ਵਿੰਗ ਅਤੇ ਜਾਂਚ ਬਿਊਰੋ ਆਫ ਇਨਵੈਸਟੀਗੇਸ਼ਨ (ਬੀ.ਓ.ਆਈ) ਨਾਲ ਅੱਜ ਇੰਟੈਲੀਜੈਂਸ ਭਵਨ ਐਸ.ਏ.ਐਸ. ਨਗਰ ਵਿਖੇ ਹੋਈ ਇਕ ਉੱਚ ਪੱਧਰੀ ਸਾਂਝੀ ਮੀਟਿੰਗ ਉਪਰੰਤ ਦਿੱਤੀ।
ਇਸ ਮੀਟਿੰਗ ਵਿਚ ਡੀ.ਜੀ.ਪੀ, ਐਸਟੀਐਫ, ਮੁਹੰਮਦ ਮੁਸਤਫਾ, ਡੀ.ਜੀ.ਪੀ., ਖੁਫੀਆ ਵਿੰਗ, ਦਿਨਕਰ ਗੁਪਤਾ ਤੋ ਇਲਾਵਾ ਖੁਫੀਆ ਵਿੰਗ, ਐਸਟੀਐਫ ਅਤੇ ਬੀ.ਓ.ਆਈ ਦੇ ਅਧਿਕਾਰੀ ਸ਼ਾਮਲ ਸਨ ਜਿਸ ਵਿਚ ਨਸ਼ਿਆਂ ਖਿਲਾਫ ਚਲ ਰਹੀ ਮੁਹਿੰਮ ਦੀ ਸਮੀਖਿਆ ਕੀਤੀ ਗਈ ਅਤੇ ਰਾਜ ਅੰਦਰ ਨਸ਼ਾਖੋਰੀ ਨੂੰ ਖ਼ਤਮ ਕਰਨ ਲਈ ਲੜਾਈ ਨੂੰ ਹੋਰ ਮਜ਼ਬੂਤ ਕਰਨ ਲਈ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਰਾਜ ਭਰ ਵਿਚ ਨਸ਼ਿਆਂ ਖ਼ਿਲਾਫ਼ ਜ਼ਿਲ੍ਹਾ ਪੁਲੀਸ, ਇੰਟੈਲੀਜੈਂਸ ਵਿੰਗ ਅਤੇ ਐਸ.ਟੀ.ਐਫ. ਵਲੋ ਵਿੱਖੀ ਮੁਹਿੰਮ ਨੂੰ ਸਾਂਝਾ ਰੂਪ ਦੇਣ ‘ਤੇ ਕੇਂਦਰਤ ਇਸ ਮੀਟਿੰਗ ਦੌਰਾਨ ਨਸ਼ਿਆਂ ਖ਼ਿਲਾਫ਼ ਕੀਤੀਆਂ ਜਾ ਰਹੀਆਂ ਕਾਰਵਾਈਆਂ ਹੋਰ ਤੇਜ਼ ਕਰਨ ਸਬੰਧੀ ਕਈ ਪ੍ਰਸਤਾਵ ਰੱਖੇ ਗਏ। ਇਸ ਗੱਲ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਜਿਨ੍ਹਾਂ ਲੋਕਾਂ ਤੋਂ ਭਾਰੀ ਮਾਤਰਾ ਵਿੱਚ ਪਹਿਲਾਂ ਹੀ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ, ਉਨ੍ਹਾਂ ਨੂੰ ਅਹਿਤੀਆਤ ਦੇ ਤੌਰ ‘ਤੇ ਹਿਰਾਸਤ ਵਿੱਚ ਲੈ ਲਿਆ ਜਾਵੇ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਅਜਿਹੇ ਤਸਕਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।
ਮੀਟਿੰਗ ਵਿਚ ਨਸ਼ਾ ਤਸਕਰਾਂ ਵੱਲੋਂ ਗ਼ੈਰਕਾਨੂੰਨੀ ਢੰਗ ਨਾਲ ਬਣਾਈਆਂ ਜਾਇਦਾਦਾਂ ਜ਼ਬਤ ਕਰਨ ਦੇ ਕੇਸਾਂ ਸਬੰਧੀ ਕਾਰਵਾਈ ਵਿੱਚ ਹੋਰ ਤੇਜ਼ੀ ਲਿਆਉਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਇਹ ਵੀ ਪ੍ਰਸਤਾਵ ਰੱਖਿਆ ਗਿਆ ਕਿ ਹਫ਼ਤਾਵਾਰੀ ਆਧਾਰ ‘ਤੇ ਜ਼ਿਲ੍ਹਾ ਪੁਲੀਸ, ਇੰਟੈਲੀਜੈਂਸ ਵਿੰਗ ਅਤੇ ਵਿਸ਼ੇਸ਼ ਟਾਸਕ ਫੋਰਸ ਦੀਆਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣ ਜਿਨ੍ਹਾਂ ਵਿੱਚ ਨਸ਼ਿਆਂ ਖ਼ਿਲਾਫ਼ ਕਾਰਵਾਈ ਦਾ ਮੁਲਾਂਕਣ ਕਰਨ ਤੇ ਜਾਣਕਾਰੀ ਸਾਂਝੀ ਕਰਨ ਦੇ ਨਾਲ ਨਾਲ ਭਵਿੱਖ ਦੀ ਰਣਨੀਤੀ ਘੜੀ ਜਾ ਸਕੇ।
ਮੀਟਿੰਗ ਦੌਰਾਨ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਕਿ ਨਸ਼ਾ ਖ਼ਿਲਾਫ਼ ਵੱਡੇ ਪੱਧਰ ‘ਤੇ ਮੀਡੀਆ ਜ਼ਰੀਏ ਪ੍ਰਚਾਰ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਨਾਲ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੇ ‘ਡੈਪੋ ਤੇ ਬਡੀ’ ਪ੍ਰੋਗਰਾਮਾਂ ਨੂੰ ਵੀ ਉਤਸ਼ਾਹ ਮਿਲੇਗਾ।