ਭੁਵਨੇਸ਼ਵਰ— ਤਿਤਲੀ ਤੂਫਾਨ ਦੀ ਵਜ੍ਹਾ ਨਾਲ ਓਡੀਸ਼ਾ ਦੇ ਕਈ ਹਿੱਸਿਆਂ ਵਿਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਤੂਫਾਨ ਨੇ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਵਿਚ ਕਾਫੀ ਤਬਾਹੀ ਮਚਾਈ ਹੈ। ਇਕੱਲੇ ਓਡੀਸ਼ਾ ‘ਚ ਤਕਰੀਬਨ 3 ਲੱਖ ਲੋਕ ਤੂਫਾਨ ਨਾਲ ਪ੍ਰਭਾਵਿਤ ਹੋਏ ਹਨ। ਓਡੀਸ਼ਾ ਦੇ ਗਜਪਤੀ ਜ਼ਿਲੇ ਵਿਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕ ਗਈ, ਜਿਸ ਕਾਰਨ 12 ਲੋਕਾਂ ਦੀ ਮੌਤ ਦੀ ਖਬਰ ਹੈ, ਜਦਕਿ 4 ਲਾਪਤਾ ਦੱਸੇ ਜਾ ਰਹੇ ਹਨ। ਆਂਧਰਾ ਪ੍ਰਦੇਸ਼ ਵਿਚ ਤੂਫਾਨ ਨਾਲ 8 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਰਾਹਤ ਅਤੇ ਬਚਾਅ ਕੰਮ ਵਿਚ ਜਲ ਸੈਨਾ ਦੇ ਹੈਲੀਕਾਪਟਰ ਵੀ ਲੱਗੇ ਹੋਏ ਹਨ। ਤੂਫਾਨ ਓਡੀਸ਼ਾ ਤੋਂ ਬਾਹਰ ਨਿਕਲ ਕੇ ਪੱਛਮੀ ਬੰਗਾਲ ਪਹੁੰਚ ਚੁੱਕਾ ਹੈ। ਹਾਲਾਂਕਿ ਅਗਲੇ 24 ਘੰਟਿਆਂ ਦੌਰਾਨ ਪੱਛਮੀ ਬੰਗਾਲ ਦੇ ਤੱਟੀ ਖੇਤਰਾਂ ਵਿਚ ਤੇਜ਼ ਹਵਾਵਾਂ ਅਤੇ ਮੀਂਹ ਪੈਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।
ਸਪੈਸ਼ਲ ਰਾਹਤ ਕਮਿਸ਼ਨਰ ਬੀ. ਪੀ. ਸੇਠੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਗਜਪਤੀ ਜ਼ਿਲੇ ਵਿਚ ਭਾਰੀ ਮੀਂਹ ਦਰਮਿਆਨ ਕੁਝ ਪਿੰਡ ਵਾਸੀਆਂ ਨੇ ਇਕ ਗੁਫਾ ਵਰਗੇ ਢਾਂਚੇ ਦੇ ਹੇਠਾਂ ਸ਼ਰਨ ਲਈ ਸੀ, ਉਸ ਦੌਰਾਨ ਜ਼ਮੀਨ ਖਿਸਕ ਦੀ ਘਟਨਾ ਵਾਪਰੀ। ਸੇਠੀ ਨੇ ਕਿਹਾ, ”ਗਜਪਤੀ ਜ਼ਿਲੇ ਦੇ ਰਾਏਗੜ੍ਹ ਬਲਾਕ ਦੇ ਤਹਿਤ ਬਰਘਰਾ ਪਿੰਡ ਵਿਚ ਜ਼ਮੀਨ ਖਿਸਕਣ ਦੀ ਵਜ੍ਹਾ ਤੋਂ 12 ਲੋਕਾਂ ਦੀ ਮੌਤ ਦੀ ਖਬਰ ਹੈ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ 4 ਲੋਕ ਲਾਪਤਾ ਹਨ ਅਤੇ ਉਨ੍ਹਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਸੇਠੀ ਨੇ ਦੱਸਿਆ ਕਿ ਗਜਪਤੀ ਅਤੇ ਕਈ ਜ਼ਿਲਿਆਂ ਵਿਚ ਤੂਫਾਨ ਦੀ ਵਜ੍ਹਾ ਤੋਂ ਭਾਰੀ ਮੀਂਹ ਪੈਣ ਨਾਲ ਹੜ੍ਹ ਵਰਗੇ ਹਾਲਾਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਤੂਫਾਨ ਦੇ ਓਡੀਸ਼ਾ ਤੋਂ ਬਾਹਰ ਨਿਕਲਣ ਤੋਂ ਬਾਅਦ ਰਾਹਤ ਅਤੇ ਬਚਾਅ ਕੰਮ ਤੇਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਵਿਚ ਕਈ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਗਜਪਤੀ ਜ਼ਿਲੇ ਵਿਚ 1,000 ਕਿਲੋਗ੍ਰਾਮ ਖਾਣਾ ਭੇਜਿਆ ਹੈ।