ਈ.ਡੀ. ਅਧਿਕਾਰੀ ਨਿਰੰਜਣ ਸਿੰਘ ਨੇ ਅਸਤੀਫਾ ਲਿਆ ਵਾਪਸ
ਜਲੰਧਰ : ਭੋਲਾ ਡਰੱਗ ਮਾਮਲੇ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੇ ਲੰਘੀ ਪੰਜ ਅਕਤੂਬਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਨਿਰੰਜਣ ਸਿੰਘ ਨੇ ਇਹ ਅਸਤੀਫਾ ਵਾਪਸ ਵੀ ਲੈ ਲਿਆ ਹੈ। ਨਿਰੰਜਣ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਵਿਭਾਗ ਵੱਲੋਂ ਪਾਏ ਜਾ ਰਹੇ ਦਬਾਅ ਕਾਰਨ ਅਸਤੀਫ਼ਾ ਦਿੱਤਾ ਸੀ ਅਤੇ ਹੁਣ ਪਰਿਵਾਰ ਤੇ ਦੋਸਤ-ਮਿੱਤਰਾਂ ਦੇ ਕਹਿਣ ‘ਤੇ ਉਨ੍ਹਾਂ ਨੇ ਅਸਤੀਫ਼ਾ ਵਾਪਸ ਲਿਆ ਹੈ। ਇਹ ਜਾਣਕਾਰੀ ਉਨ੍ਹਾਂ ਨੇ ਅਦਾਲਤ ਵਿਚ ਪੇਸ਼ੀ ਦੌਰਾਨ ਪੱਤਰਕਾਰਾਂ ਨੂੰ ਦਿੱਤੀ।
ਧਿਆਨ ਰਹੇ ਕਿ ਨਿਰੰਜਣ ਸਿੰਘ ਦੇ ਵਕੀਲ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਇਹ ਵੀ ਖੁਲਾਸਾ ਕੀਤਾ ਸੀ ਕਿ ਡਰੱਗ ਮਾਮਲੇ ਵਿਚ ਬਿਕਰਮ ਮਜੀਠੀਆ ਵਿਰੁੱਧ ਜਾਂਚ ਅੱਗੇ ਵਧਾਉਣ ਦੀ ਆਗਿਆ ਨਾ ਮਿਲਣ ਕਰਕੇ ਅਸਤੀਫ਼ਾ ਦਿੱਤਾ ਸੀ। ਨਿਰੰਜਣ ਸਿੰਘ ਦਾ ਤਿੰਨ ਸਾਲਾਂ ਦਾ ਕਾਰਜਕਾਲ ਹਾਲੇ ਬਾਕੀ ਹੈ ਅਤੇ ਹੁਣ ਉਨ੍ਹਾਂ ਵੱਲੋਂ ਮੁੜ ਅਹੁਦਾ ਸਾਂਭੇ ਜਾਣ ਤੋਂ ਬਾਅਦ ਡਰੱਗ ਮਾਮਲੇ ਵਿੱਚ ਵੱਡੇ ਧਮਾਕੇ ਹੋਣ ਦੇ ਆਸਾਰ ਹਨ।