ਰਾਇਬਰੇਲੀ— ਮਾਲਦਾ ਟਾਊਨ ਤੋਂ ਨਵੀਂ ਦਿੱਲੀ ਜਾ ਰਹੀ ਨਿਊ ਫਰੱਕਾ ਐਕਸਪ੍ਰੈਸ ਦੇ ਇੰਜਨ ਅਤੇ 9 ਡੱਬੇ ਉਤਰ ਪ੍ਰਦੇਸ਼ ‘ਚ ਰਾਇਬਰੇਲੀ ਨੇੜੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਜਦਕਿ ਕਰੀਬ 35 ਯਾਤਰੀ ਜ਼ਖਮੀ ਹੋ ਗਏ। ਰੇਲ ਮੰਤਰੀ ਪਿਊਸ਼ ਗੋਇਲ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਹਾਦਸਾ ਰਾਇਬਰੇਲੀ ਨੇੜੇ ਹਰਚੰਦਪੁਰ ਦੇ ਬਾਬਾਪੁਰ ਨੇੜੇ ਸਵੇਰੇ ਕਰੀਬ 6 ਵਜੇ ਹੋਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਘਟਨਾ ਸਥਾਨ ‘ਤੇ ਡੀ.ਐਮ. ਅਤੇ ਹੋਰ ਅਧਿਕਾਰੀ ਪੁੱਜ ਗਏ। ਡਾਕਟਰਾਂ ਦਾ ਵੀ ਇਕ ਦਲ ਘਟਨਾ ਸਥਾਨ ‘ਤੇ ਇਲਾਜ ਲਈ ਮੌਜੂਦ ਹੈ। ਦੀਨ ਦਿਆਲ ਉਪਾਧਿਆਇ ਜੰਕਸ਼ਨ ‘ਚ ਹੈਲਪਲਾਈਨ ਨੰਬਰ ਸਥਾਪਿਤ ਕੀਤਾ ਗਿਆ ਹੈ।
ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਸੀ.ਐਮ. ਖੁਦ ਇਸ ਮਾਮਲੇ ‘ਤੇ ਨਜ਼ਰ ਬਣਾਏ ਹੋਏ ਹਨ। ਯੋਗੀ ਨੇ ਜ਼ਖਮੀਆਂ ਨੂੰ ਤੁਰੰਤ ਹਰਸੰਭਵ ਮਦਦ ਦੇਣ ਅਤੇ ਹਸਪਤਾਲ ਪਹੁੰਚਾਉਣ ਦੇ ਆਦੇਸ਼ ਦਿੱਤੇ ਹਨ। ਹਾਦਸੇ ਦੇ ਕਾਰਨ ਇਸ ਮਾਰਗ ਦੀਆਂ ਸਾਰੀਆਂ ਅਪ ਅਤੇ ਡਾਊਨ ਲਾਈਨਾਂ ‘ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ।