ਵਿਦੇਸ਼ਾਂ ਵਿਚ ਵੀ ਲੋਕਾਂ ਨੂੰ ਠੱਗ ਰਿਹੈ ਨੀਰਵ ਮੋਦੀ, ਕਰੋੜਾਂ ‘ਚ ਵੇਚੀਆਂ ਨਕਲੀ ਹੀਰੇ ਦੀਆਂ ਅੰਗੂਠੀਆਂ

ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ ‘ਚ ਕਰੀਬ 14 ਹਜ਼ਾਰ ਕਰੋੜ ਰੁਪਏ ਦਾ ਘਪਲਾ ਕਰਨ ਵਾਲੇ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਵਿਦੇਸ਼ ਵਿਚ ਵੀ ਲੋਕਾਂ ਨੂੰ ਚੂਨਾ ਲਗਾ ਰਹੇ ਹਨ। ਹੁਣੇ ਜਿਹੇ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਨੀਰਵ ਮੋਦੀ ਨੇ ਕੈਨੇਡੀਅਨ ਮੂਲ ਦੇ ਇਕ ਵਿਅਕਤੀ ਨੂੰ ਨਕਲੀ ਹੀਰੇ ਦੀ ਅੰਗੂਠੀ ਵੇਚੀ।
ਮੰਗੇਤਰ ਲਈ ਬਣਵਾਈ ਅੰਗੂਠੀ
ਜਾਣਕਾਰੀ ਮੁਤਾਬਕ ਕੈਨੇਡੀਅਨ ਮੂਲ ਦੇ 36 ਸਾਲਾਂ ਪਾਲ ਅਲਫਾਂਸੋ ਨੇ ਨੀਰਵ ਮੋਦੀ ‘ਤੇ ਦੋਸ਼ ਲਗਾਇਆ ਹੈ ਕਿ ਨੀਰਵ ਨੇ ਉਨ੍ਹਾਂ ਨੂੰ ਨਕਲੀ ਹੀਰੇ ਦੀ ਅੰਗੂਠੀ ਵੇਚੀ ਹੈ। ਪਾਲ ਨੇ ਇਹ ਅੰਗੂਠੀ ਆਪਣੀ ਮੰਗੇਤਰ ਲਈ ਖਰੀਦੀ ਸੀ। ਇਕ ਰਿਪੋਰਟ ਅਨੁਸਾਰ ਪਾਲ ਦਾ ਕਹਿਣਾ ਹੈ ਕਿ ਉਹ ਕਈ ਵਾਰ ਨੀਰਵ ਮੋਦੀ ਨੂੰ ਮਿਲੇ ਜਿਸ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਹੋ ਗਈ। ਇਸ ਦੌਰਾਨ ਨੀਰਵ ਨੇ ਪਾਲ ਨੂੰ ਆਪਣੇ ਬਾਰੇ ਦੱਸਿਆ, ਜਿਸ ਤੋਂ ਬਾਅਦ ਪਾਲ ਨੀਰਵ ‘ਤੇ ਭਰੋਸਾ ਕਰਨ ਲੱਗਾ। ਜਦੋਂ ਪਾਲ ਨੂੰ ਪਤਾ ਲੱਗਾ ਕਿ ਨੀਰਵ ਮੋਦੀ ਇਹ ਹੀਰਾ ਕਾਰੋਬਾਰੀ ਹੈ ਤਾਂ ਪਾਲ ਨੇ ਨੀਰਵ ਨੂੰ ਆਪਣੀ ਮੰਗੇਤਰ ਲਈ ਵਧੀਆ ਅੰਗੂਠੀ ਬਣਾਉਣ ਲਈ ਕਿਹਾ। ਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਨੀਰਵ ਵਲੋਂ ਕੀਤੇ ਗਏ ਘਪਲੇ ਬਾਰੇ ਜਾਣਕਾਰੀ ਨਹੀਂ ਸੀ।
20 ਹਜ਼ਾਰ ਡਾਲਰ ‘ਚ ਖਰੀਦੀ ਅੰਗੂਠੀ
ਨੀਰਵ ਨੇ ਪਾਲ ਨੂੰ ਝਾਂਸੇ ‘ਚ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਬਣਨ ਵਾਲੀ ਅੰਗੂਠੀਆਂ ਦੁਨੀਆ ਦੀ ਬੇਸ਼ਕੀਮਤੀ ਅੰਗੂਠੀਆਂ ਵਿਚ ਸ਼ਾਮਲ ਹਨ। ਨੀਰਵ ਨੇ ਪਾਲ ਨੂੰ ਅੰਗੂਠੀਆਂ ਦੇ ਅਸਲੀ ਹੋਣ ਦਾ ਸਰਟੀਫਿਕੇਟ ਦੇਣ ਦੀ ਗੱਲ ਵੀ ਕਹੀ। ਪਾਲ ਮੁਤਾਬਕ ਉਨ੍ਹਾਂ ਨੇ ਜਿਹੜੀ ਪਹਿਲੀ ਅੰਗੂਠੀ ਖਰੀਦੀ ਉਹ 3.2 ਕੈਰੇਟ ਦੀ ਸੀ ਅਤੇ ਇਸ ਦੀ ਕੀਮਤ ਕਰੀਬ ਇਕ ਲੱਖ 20 ਹਜ਼ਾਰ ਡਾਲਰ ਸੀ। ਇਸ ਤੋਂ ਬਾਅਦ ਨੀਰਵ ਨੇ ਉਨ੍ਹਾਂ ਨੂੰ ਇਕ ਹੋਰ 2.5 ਕੈਰੇਟ ਦੀ ਅੰਗੂਠੀ ਖਰੀਦਣ ਦੀ ਸਲਾਹ ਦਿੱਤੀ , ਜਿਸਦੀ ਕੀਮਤ 80 ਹਜ਼ਾਰ ਡਾਲਰ ਸੀ।
ਇਸ ਤਰ੍ਹਾਂ ਸੱਚਾਈ ਆਈ ਸਾਹਮਣੇ
ਅਗਸਤ ਵਿਚ ਅਲਫਾਂਸੋ ਦੀ ਮੰਗੇਤਰ ਨੇ ਅੰਗੂਠੀਆਂ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਦੋਵਾਂ ‘ਚ ਨਕਲੀ ਪੱਥਰ ਲੱਗਾ ਹੈ। ਇਹ ਸੁਣ ਕੇ ਅਲਫਾਂਸੋ ਨੂੰ ਯਕੀਨ ਨਹੀਂ ਹੋਇਆ। ਇਸ ਤੋਂ ਬਾਅਦ ਪਾਲ ਨੇ ਨੀਰਵ ਦੀ ਸ਼ਿਕਾਇਤ ਨਿਊਯਾਰਕ ਪੁਲਸ ਨੂੰ ਕੀਤੀ। ਇਸ ਦੇ ਨਾਲ ਹੀ ਪਾਲ ਨੇ ਨੀਰਵ ਮੋਦੀ ਦੇ ਖਿਲਾਫ ਕੈਲੀਫੋਰਨੀਆ ਦੀ ਅਦਾਲਤ ਵਿਚ 4.2 ਲੱਖ ਡਾਲਰ ਦਾ ਮੁਕੱਦਮਾ ਵੀ ਦਾਇਰ ਕੀਤਾ ਹੈ, ਜਿਸਦੀ ਸੁਣਵਾਈ ਅਗਲੇ ਸਾਲ 11 ਜਨਵਰੀ ਨੂੰ ਹੋਵੇਗੀ।