ਨਵੀਂ ਦਿੱਲੀ— ਦਿੱਲੀ ‘ਚ ਡੇਂਗੂ ਦੇ ਮਾਮਲਿਆਂ ‘ਚ ਪਿਛਲੇ ਹਫਤੇ ਬਹੁਤ ਵਾਧਾ ਹੋਇਆ ਹੈ। ਦਿੱਲੀ ‘ਚ ਹੁਣ ਤੱਕ ਘੱਟ ਤੋਂ ਘੱਟ 650 ਲੋਕਾਂ ‘ਚ ਇਸ ਰੋਗ ਦੀ ਪਛਾਣ ਹੋਈ ਹੈ। ਨਗਰ ਨਿਗਮ ਦੀ ਇਕ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਅਕਤੂਬਰ ਦੇ ਪਹਿਲੇ ਹਫਤੇ ‘ਚ ਡੇਂਗੂ ਦੇ ਕਰੀਬ 170 ਮਾਮਲੇ ਸਾਹਮਣੇ ਆਏ। ਇਸ ਮੌਸਮ ‘ਚ 6 ਅਕਤੂਬਰ ਤੱਕ ਮਲੇਰੀਆ ਦੇ 347 ਅਤੇ ਚਿਕੁਨਗੁਨੀਆ ਦੇ 89 ਮਾਮਲੇ ਸਾਹਮਣੇ ਆਏ ਹਨ।
ਡੇਂਗੂ ਦੇ 650 ਮਾਮਲਿਆਂ ‘ਚੋਂ 169 ਮਾਮਲੇ ਅਕਤੂਬਰ ਦੇ ਪਹਿਲੇ ਹਫਤੇ ‘ਚ ਸਾਹਮਣੇ ਆਏ ਜਦਕਿ ਸਤੰਬਰ ‘ਚ 374, ਅਗਸਤ ‘ਚ 58, ਜੁਲਾਈ ‘ਚ 19, ਜੂਨ ‘ਚ 8 ਮਾਮਲੇ ਸਾਹਮਣੇ ਆਏ ਹਨ। ਦੱਖਣੀ ਦਿੱਲੀ ਨਗਰ ਨਿਗਮ ਮੁਤਾਬਕ, ਸਤੰਬਰ ‘ਚ ਮਲੇਰੀਆ ਦੇ 138 ਮਾਮਲੇ ਸਾਹਮਣੇ ਆਏ ਜਦਕਿ 6 ਅਕਤੂਬਰ ਤੱਕ 39 ਮਾਮਲਿਆਂ ਦੀ ਖਬਰ ਹੈ। ਦੱਖਣੀ ਦਿੱਲੀ ਨਗਰ ਨਿਗਮ ਹੀ ਡੇਂਗੂ, ਮਲੇਰੀਆ ਆਦਿ ਰੋਗਾਂ ਦਾ ਵੇਰਵਾ ਇੱਕਠਾ ਕਰਦਾ ਹੈ। ਇਕ ਸੀਨੀਅਰ ਡਾਕਟਰ ਨੇ ਲੋਕਾਂ ਨੂੰ ਵੱਖ-ਵੱਖ ਪ੍ਰਕਾਰ ਦੀਆਂ ਸਾਵਧਾਨੀਆਂ ਵਰਤਣ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਦੇ ਸੁਝਾਵਾਂ ‘ਚ ਪੂਰੀ ਬਾਂਹ ਦੀ ਕਮੀਜ਼ ਪਾਉਣਾ ਅਤੇ ਆਪਣੇ ਘਰਾਂ ‘ਚ ਮੱਛਰਾਂ ਨੂੰ ਪੈਦਾ ਨਾ ਹੋਣਾ ਆਦਿ ਸ਼ਾਮਲ ਹੈ।