ਕੋਟਕਪੂਰਾ : ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਹੈ ਕਿ ਕੋਟਕਪੂਰਾ ਤੋਂ ਨਿਕਲਣ ਵਾਲਾ ਰੋਸ ਮਾਰਚ ਇਤਿਹਾਸਕ ਹੋਵੇਗਾ। ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੋਟਕਪੂਰਾ ਪਹੁੰਚਣ ਲਈ ਕਿਸੇ ਨੂੰ ਵੀ ਗੱਡੀਆਂ ਜਾਂ ਵਹੀਕਲਾਂ ਦੇ ਇੰਤਜ਼ਾਮ ਕਰਕੇ ਨਹੀਂ ਦਿੱਤਾ ਹੈ ਅਤੇ ਲੋਕ ਆਪ ਕੋਟਕਪੂਰਾ ‘ਚ ਪਹੁੰਚ ਰਹੇ ਹਨ। ਇਸ ਰੋਸ ਮਾਰਚ ਵਿਚ ਆਮ ਆਦਮੀ ਪਾਰਟੀ ਦੇ ਬਾਗੀ ਧੜੇ ਤੋਂ ਇਲਾਵਾ ਮੁਤਵਾਜੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਪਹੁੰਚ ਚੁੱਕੇ ਹਨ। ਇਸ ਦੌਰਾਨ ਸੁਖਪਾਲ ਖਹਿਰਾ ਨੇ ਬਾਦਲਾਂ ‘ਤੇ ਕਾਂਗਰਸ ‘ਤੇ ਜੰਮ ਕੇ ਸਿਆਸੀ ਹਮਲੇ ਕੀਤੇ। ਖਹਿਰਾ ਨੇ ਕਿਹਾ ਕਿ ਉਹ ਕੈਪਟਨ ਸਰਕਾਰ ਨੂੰ ਬਾਦਲਾਂ, ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਅਤੇ ਹੋਰ ਪੁਲਸ ਮੁਲਾਜ਼ਮਾਂ ‘ਤੇ ਕਾਰਵਾਈ ਲਈ 15 ਦਿਨ ਦਾ ਅਲਟੀਮੇਟਮ ਦਿੰਦੇ ਹਨ, ਜੇਕਰ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਇਸ ਤੋਂ ਵੀ ਵੱਡਾ ਇਕੱਠ ਕੀਤਾ ਜਾਵੇਗਾ।
ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ 12 ਵਜੇ ਦੇ ਕਰੀਬ ਰੋਸ ਮਾਰਚ ਸ਼ੁਰੂ ਹੋਵੇਗਾ ਜੋ ਬਰਗਾੜੀ ਪਹੁੰਚ ਕੇ ਸਮਾਪਤ ਹੋਵੇਗਾ। ਰੋਸ ਮਾਰਚ ਵਿਚ ਪਹੁੰਚ ਰਹੇ ਲੋਕਾਂ ਵਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਸਰਕਾਰ ਖਿਲਾਫ ਅਤੇ ਬੇਅਦਬੀ ਦੀਆਂ ਘਟਨਾਵਾਂ ਪ੍ਰਤੀ ਆਪਣਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ।