ਜਲੰਧਰ— ਸ਼੍ਰੋਮਣੀ ਅਕਾਲੀ ਦਲ ਵੱਲੋਂ 7 ਅਕਤੂਬਰ ਨੂੰ ਪਟਿਆਲਾ ‘ਚ ਕੀਤੀ ਜਾਣ ਵਾਲੀ ਰੈਲੀ ਤੋਂ ਪਹਿਲਾਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਬਾਦਲ ਪਰਿਵਾਰ ਨੂੰ ਘੇਰਦੇ ਹੋਏ ਦੋ ਵੱਡੇ ਸਵਾਲਾਂ ਦੇ ਜਵਾਬ ਮੰਗੇ ਹਨ। ਜਲੰਧਰ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਆਪਣੇ ਆਪ ਨੂੰ ਪੰਥਕ ਪਾਰਟੀ ਕਹਿਲਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਆਪਣੀ ਰੈਲੀ ‘ਚ ਦੋ ਸਵਾਲਾਂ ਦੇ ਜਵਾਬ ਦੇਣ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਇਸ ਸਵਾਲ ਦਾ ਜਵਾਬ ਦੇਣ ਡੇਰਾ ਮੁਖੀ ਨਾਲ ਮੁੰਬਈ ‘ਚ ਉਹ ਕਿਵੇਂ ਮਿਲੇ ਅਤੇ ਕਿਸ ਤਰ੍ਹਾਂ ਦੀ ਸਾਂਝ ਹੋਈ ਅਤੇ ਦੋਹਾਂ ਵਿਚਾਲੇ ਕੀ ਡੀਲ ਹੋਈ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਇਸ ਬਾਰੇ ਵੀ ਦੱਸਣ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਡੇਰੀ ਮੁਖੀ ਨੂੰ ਮੁਆਫੀ ਕਿਵੇਂ ਦਿੱਤੀ ਕਿਉਂਕਿ ਉਨ੍ਹਾਂ ਦੇ ਖੁਦ ਦੇ ਟਕਸਾਲੀ ਆਗੂ ਇਸ ਦਾ ਜਵਾਬ ਮੰਗ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੋਵੇਂ ਕਹਿੰਦੇ ਹਨ ਕਿ ਉਨ੍ਹਾਂ ਨੇ ਬਹਿਬਲ ਕਲਾਂ ‘ਚ ਗੋਲੀ ਚੱਲਣ ਦੇ ਆਦੇਸ਼ ਨਹੀਂ ਦਿੱਤੇ, ਜੇਕਰ ਉਨ੍ਹਾਂ ਨੇ ਆਦੇਸ਼ ਨਹੀਂ ਦਿੱਤੇ ਤਾਂ ਜਿਹੜੇ ਪੁਲਸ ਅਧਿਕਾਰੀਆਂ ਨੇ ਗੋਲੀ ਚਲਾਈ ਹੈ, ਉਨ੍ਹਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ।