ਨਵੀਂ ਦਿੱਲੀ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਨਿਲ ਅੰਬਾਨੀ ਨੂੰ ਪ੍ਰਧਾਨ ਮੰੰਤਰੀ ਮੋਦੀ ਦਾ ਪੱਕਾ ਮਿੱਤਰ (ਬੀ.ਐੱਫ.ਐੱਫ.) ਦੱਸਦਿਆਂ ਇਕ ਟਵੀਟ ਕੀਤਾ ਹੈ। ਟਵੀਟ ਅਨੁਸਾਰ ”ਜੇ ਤੁਸੀਂ ਪ੍ਰਧਾਨ ਮੰਤਰੀ ਮੋਦੀ ਦੇ ਪੱਕੇ ਮਿੱਤਰ ਹੋ ਤਾਂ ਬਿਨਾਂ ਤਜਰਬੇ ਤੋਂ ਵੀ ਤੁਸੀਂ ਰਾਫੇਲ ਸੌਦੇ ‘ਚ 1,13,000 ਕਰੋੜ ਕਮਾ ਸਕਦੇ ਹੋ ਪਰ ਜ਼ਰਾ ਠਹਿਰੋ! ਇਸਤੋਂ ਵੀ ਜ਼ਿਆਦਾ ਤੁਹਾਨੂੰ ਕੁਝ ਮਿਲ ਸਕਦਾ ਹੈ। ਹੁਣ ਸਿਹਤ ਬੀਮੇ ਰਾਹੀਂ ਜੰਮੂ ਕਸ਼ਮੀਰ ਸਰਕਾਰ ਦੇ 4 ਲੱਖ ਸਰਕਾਰੀ ਕਰਮਚਾਰੀਆਂ ਦੀ ਕਮਾਈ ਤੁਹਾਡੀ ਜੇਬ ‘ਚ ਆ ਸਕਦੀ ਹੈ।”
ਇਹ ਦਾਅਵਾ ਕੀਤਾ ਗਿਆ ਹੈ ਕਿ ਜੰਮੂ ਕਸ਼ਮੀਰ ਸਰਕਾਰ ਨੇ ‘ਗਰੁੱਪ ਮੈਡੀਕਲ ਹੈਲਥ ਇੰਸ਼ੋਰੈਂਸ ਸਕੀਮ ਫਾਰ ਇੰਪਲਾਈਜ਼, ਪੈਨਸ਼ਨਰਜ਼ ਐਂਡ ਜਰਨਲਿਸਟ’ ਸਕੀਮ ਦਾ 20 ਸਤੰਬਰ ਨੂੰ ਐਲਾਨ ਕੀਤਾ ਸੀ। ਇਸਦੇ ਲਈ ਅਨਿਲ ਅੰਬਾਨੀ ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਨੂੰ ਕੰਮ ਮਿਲਿਆ। ਇਸ ‘ਚ ਕਰਮਚਾਰੀਆਂ ਦੀ ਸਾਲਾਨਾ ਪ੍ਰੀਮੀਅਮ ਰਾਸ਼ੀ 8,777 ਰੁਪਏ ਤੇ ਪੈਨਸ਼ਨਰਜ਼ ਲਈ 22,229 ਰੁਪਏ ਨਿਰਧਾਰਿਤ ਕੀਤੀ ਗਈ ਹੈ।
ਇਕ ਅੰਦਾਜ਼ੇ ਅਨੁਸਾਰ ਇਸ ਸਕੀਮ ਰਾਹੀਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇੰਸ਼ੋਰੈਂਸ ਕਵਰੇਜ 6 ਲੱਖ ਰੁਪਏ ਤਕ ਪ੍ਰਤੀ ਕਰਮਚਾਰੀ ਜਾਂ ਪੈਨਸ਼ਨਰਜ਼ ਨੂੰ ਸਾਲਾਨਾ ਮਿਲੇਗਾ। ਇਸ ‘ਚ ਇਕ ਪਰਿਵਾਰ ‘ਚ 5 ਨਿਰਭਰ ਮੈਂਬਰ ਮੰਨੇ ਗਏ ਹਨ।
ਰਾਫੇਲ ਡੀਲ ‘ਚ ਪਹਿਲਾਂ ਤੋਂ ਹੀ ਮੋਦੀ ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਰਹੇ ਹਨ। ਹੁਣ ਇਸ ਸਕੀਮ ਰਾਹੀਂ ਕਾਂਗਰਸ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਨ ਦਾ ਮੌਕਾ ਮਿਲਿਆ ਹੈ। ਇਹੀ ਕਾਰਨ ਹੈ ਕਿ ਜੰਮੂ ਕਸ਼ਮੀਰ ਦੇ ਲੋਕਲ ਕਾਂਗਰਸੀ ਨੇਤਾਵਾਂ ਦੇ ਬਾਅਦ ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸ ਸੌਦੇ ਨੂੰ ਕਰੜੇ ਹੱਥੀਂ ਲਿਆ ਹੈ।