ਪੁਲਸ ਨੇ ਸਿਰਫ਼ 4 ਵਿਧਾਇਕਾਂ ਨੂੰ ਹੀ ਦਿੱਤੀ ਇਜਾਜ਼ਤ
ਕੈਪਟਨ ਦੀ ਸੁੱਤੀ ਪਈ ਆਤਮਾ ਜਗਾਉਣ ਲਈ ਬੈਠੇ ਹਾਂ-‘ਆਪ’ ਆਗੂ
ਚੰਡੀਗੜ੍ਹ- ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਖੀਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਸਖ਼ਤ ਸਜਾ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਨੇੜੇ ਇੱਕ ਰੋਜ਼ਾ ਭੁੱਖ ਹੜਤਾਲ ਅਤੇ ਰੋਸ ਧਰਨਾ ਲਗਾਇਆ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅਤੇ ‘ਆਪ’ ਸਟੇਟ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ‘ਚ ‘ਆਪ’ ਆਗੂ ਜਿਓ ਹੀ 2 ਸੈਕਟਰ ਸਥਿਤ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਵੱਲ ਵਧੇ ਪਹਿਲਾਂ ਹੀ ਭਾਰੀ ਗਿਣਤੀ ‘ਚ ਤੈਨਾਤ ਪੁਲਸ ਫੋਸ ਨੇ ਰੋਕ ਲਿਆ। ਪੁਲਿਸ ਅਧਿਕਾਰੀਆਂ ਨੇ ਵੀਵੀਆਈਪੀ ਸਕਿਉਰਿਟੀ ਜ਼ੋਨ ਦਾ ਹਵਾਲਾ ਦਿੰਦੇ ਹੋਏ ‘ਆਪ’ ਆਗੂਆਂ ਨੂੰ ਜ਼ੋਰ ਜ਼ਬਰਦਸਤੀ ਨਾਲ ਪਿੱਛੇ ਧੱਕਣਾ ਸ਼ੁਰੂ ਕਰ ਦਿੱਤਾ। ਪਰੰਤੂ ‘ਆਪ’ ਆਗੂ ਉੱਥੇ ਹੀ ਧਰਨੇ ਅਤੇ ਭੁੱਖ ਹੜਤਾਲ ‘ਤੇ ਬੈਠਣ ਲਈ ਬਜ਼ਿਦ ਰਹੇ ਤਾਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁੱਤੀ ਪਈ ਆਤਮਾ ਨੂੰ ਜਗਾਇਆ ਜਾ ਸਕੇ।
‘ਆਪ’ ਆਗੂਆਂ ਦੇ ਸਖ਼ਤ ਇਰਾਦੇ ਭਾਂਪਦਿਆਂ ਪੁਲਸ ਨੇ ਇਸ ਵੀਵੀਆਈਪੀ ‘ਚ ਸੁਰੱਖਿਆ ਕਾਰਨਾਂ ਸਦਕਾ ਧਾਰਾ 144 ਲਾਗੂ ਹੋਣ ਦਾ ਹਵਾਲਾ ਦਿੱਤਾ ਆਖ਼ਿਰ ਕਾਫ਼ੀ ਕਸ਼ਮਕਸ਼ ਉਪਰੰਤ ਸਿਰਫ਼ 4 ਵਿਧਾਇਕਾਂ ਨੂੰ ਹੀ ਮੁੱਖ ਮੰਤਰੀ ਘਰ ਦੇ ਨੇੜੇ ਪਾਰਕ ‘ਚ ਭੁੱਖ ਹੜਤਾਲ ‘ਤੇ ਬੈਠਣ ਦੀ ਇਜਾਜ਼ਤ ਦਿੱਤੀ।
ਇਸ ‘ਤੇ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਪ੍ਰੋ. ਸਾਧੂ ਸਿੰਘ ਅਤੇ ਪ੍ਰੋ. ਬਲਜਿੰਦਰ ਕੌਰ ਭੁੱਖ ਹੜਤਾਲ ‘ਤੇ ਬੈਠ ਗਏ, ਬਾਅਦ ‘ਚ ਪ੍ਰੋ. ਸਾਧੂ ਸਿੰਘ ਦੀ ਥਾਂ ਪ੍ਰਿੰਸੀਪਲ ਬੁੱਧ ਰਾਮ ਬੈਠੇ। ਹੋਰਨਾਂ ਵਿਧਾਇਕਾਂ ‘ਚ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ ਅਤੇ ਅਮਰਜੀਤ ਸਿੰਘ ਸੰਦੋਆ ਵੀ ਪਹੁੰਚੇ।
ਇਸ ਤੋਂ ਪਹਿਲਾਂ ਇਹ ‘ਆਪ’ ਆਗੂ ਗੁਰਦੁਆਰਾ ਨਾਢਾ ਸਾਹਿਬ (ਪੰਚਕੂਲਾ) ਵਿਖੇ ਨਤਮਸਤਕ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਬੇਅਦਬੀਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਲਈ ਜ਼ਿੰਮੇਵਾਰ ਦੋਖੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜਾ ਦੇਣ ਤੋਂ ਭੱਜ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੁਮੱਤ ਬਖ਼ਸ਼ਣ ਅਤੇ ਉਨ੍ਹਾਂ ਦੀ ਸੁੱਤੀ ਪਈ ਆਤਮਾ ਨੂੰ ਜਗਾਉਣ ਲਈ ਅਰਦਾਸ ਕੀਤੀ।
ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਬੇਅਦਬੀਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਅਤੇ ਹਿਰਦੇ ਵਲੂੰਧਰੀ ਸੰਗਤ ਇਨਸਾਫ਼ ਲਈ ਪਿਛਲੇ ਤਿੰਨ ਸਾਲਾਂ ਤੋਂ ਲੱਖਾਂ ਦੀ ਗਿਣਤੀ ‘ਚ ਬਰਗਾੜੀ ਜਾ ਰਹੀ ਹੈ, ਜਿਸ ਤਹਿਤ ਕੱਲ੍ਹ 7 ਅਕਤੂਬਰ ਨੂੰ ਬਤੌਰ ਸੰਗਤ ‘ਆਪ’ ਵਿਧਾਇਕ, ਸੰਸਦ ਮੈਂਬਰ ਅਤੇ ਆਗੂ ਵਲੰਟੀਅਰ ਵੀ ਬਰਗਾੜੀ ਵਿਖੇ ਨਤਮਸਤਕ ਹੋਣ ਜਾ ਰਹੇ ਹਨ, ਪਰ ਕਿਉਂਕਿ ਸੰਗਤ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਣੀ ਹੈ, ਇਸ ਲਈ ਅੱਜ ‘ਆਪ’ ਵਿਧਾਇਕਾਂ ਅਤੇ ਸੰਸਦਾਂ ਵੱਲੋਂ ਇੱਥੇ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਅੱਗੇ ਭੁੱਖ ਹੜਤਾਲ ਅਤੇ ਸੰਕੇਤਕ ਰੋਸ ਧਰਨਾ ਰੱਖਿਆ ਗਿਆ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅੰਤਰ ਆਤਮਾ ਜਾਗੇ ਅਤੇ ਉਨ੍ਹਾਂ ‘ਚ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਹਿੰਮਤ ਆ ਸਕੇ।
‘ਆਪ’ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਬਾਦਲਾਂ ਨਾਲ ਰਲੇ ਹੋਣ ਅਤੇ ਉਨ੍ਹਾਂ ਨੂੰ ਬਚਾਉਣ ਦੇ ਦੋਸ਼ ਵੀ ਲਗਾਏ। ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਨੁਸਾਰ ਦੋਸ਼ੀਆਂ ‘ਤੇ ਕਾਰਵਾਈ ਤੋਂ ਭੱਜ ਰਹੇ ਹਨ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੁਰਾਨ-ਸ਼ਰੀਫ਼ ਬੇਅਦਬੀ ਕੇਸ ਦੀ ਸੰਗਰੂਰ ਦੀ ਅਦਾਲਤ ‘ਚ ਚੱਲ ਰਹੀ ਸੁਣਵਾਈ ਦੌਰਾਨ ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਦੇ ਬਿਲਕੁਲ ਉਲਟ ਸਟੈਂਡ ਲੈ ਕੇ ਆਪਣੇ ਨਾਪਾਕ ਇਰਾਦੇ ਸਪਸ਼ਟ ਕਰ ਦਿੱਤੇ ਹਨ।
ਉਨ੍ਹਾਂ ਕੈਪਟਨ ਅਤੇ ਬਾਦਲਾਂ ਉੱਪਰ ਬਰਗਾੜੀ ਤੋਂ ਧਿਆਨ ਭਟਕਾਉਣ ਲਈ ਰੈਲੀ-ਰੈਲੀ ਦਾ ਫਰੈਂਡਲੀ ਮੈਚ ਖੇਡਣ ਦਾ ਵੀ ਦੋਸ਼ ਲਗਾਇਆ।
ਸਾਰੇ ਦਿਨ ਦੀ ਭੁੱਖ ਹੜਤਾਲ ਉਪਰੰਤ ਸ਼ਾਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਸੰਦੀਪ ਬਰਾੜ ਮੰਗ ਪੱਤਰ ਲੈਣ ਪਹੁੰਚੇ। ਮੰਗ ਪੱਤਰ ਦੇ ਨਾਲ ਪੈਨ ਡਰਾਈਵ ‘ਚ ਕਾਂਗਰਸੀ ਮੰਤਰੀਆਂ ਵੱਲੋਂ ਸਦਨ ‘ਚ ਬਾਦਲਾਂ ਅਤੇ ਹੋਰ ਸਾਰੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਝੋਲੀਆਂ ਅੱਡ-ਅੱਡ ਕੀਤੀਆਂ ਫ਼ਰਿਆਦਾਂ ਵੀ ਭੇਜੀਆਂ ਤਾਂ ਕਿ ਸੁੱਤੀ ਪਈ ਜ਼ਮੀਰ ਨੂੰ ਕਿਸੇ ਨਾ ਕਿਸੇ ਤਰੀਕੇ ਜਗਾਇਆ ਜਾ ਸਕੇ। ਮੰਗ ਪੱਤਰ ਦਿੱਤੇ ਜਾਣ ਉਪਰੰਤ ਵਿਧਾਇਕਾਂ ਨੇ ਇੱਕ ਰੋਜ਼ਾ ਭੁੱਖ ਹੜਤਾਲ ਅਤੇ ਸੰਕੇਤਕ ਧਰਨਾ ਚੁੱਕ ਦਿੱਤਾ।