ਨਵੀਂ ਦਿੱਲੀ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਅਹੁਦੇ ਲਈ ਦਾਅਵੇਦਾਰੀ ਪੇਸ਼ ਕੀਤੀ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ‘ਚ ਇਕ ਸੰਮੇਲਨ ‘ਚ ਹਿੱਸਾ ਲੈਂਦਿਆਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਦੇ ਬਾਅਦ ਜੇ ਸਹਿਯੋਗੀ ਪਾਰਟੀਆਂ ਚਾਹੁਣਗੀਆਂ ਤਾਂ ਉਹ ਜ਼ਰੂਰ ਪ੍ਰਧਾਨ ਮੰਤਰੀ ਬਣਨਗੇ। ਅਮੇਠੀ ‘ਚ ਉਨ੍ਹਾਂ ਇਹ ਵੀ ਗੱਲ ਕਹੀ ਕਿ ਆਮ ਚੋਣਾਂ ‘ਚ ਕਾਂਗਰਸ ਨੂੰ ਬਹੁਤ ‘ਜ਼ਿਆਦਾ ਸੀਟਾਂ’ ਮਿਲਣਗੀਆਂ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨਾਲ ਗੱਲਬਾਤ ਕਰਨ ਦੇ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਚੋਣਾਂ ‘ਚ ਦੋ ਪੜ੍ਹਾਵੀ ਪ੍ਰਕ੍ਰਿਆ ਹੋਵੇਗੀ, ਪਹਿਲੇ ਪੜ੍ਹਾਅ ‘ਚ ਅਸੀਂ ਮਿਲਕੇ ਭਾਜਪਾ ਨੂੰ ਹਰਾਵਾਂਗੇ ਤੇ ਦੂਸਰੇ ਪੜ੍ਹਾਅ ‘ਚ ਅਸੀਂ (ਪ੍ਰਧਾਨ ਮੰਤਰੀ ਦੇ ਬਾਰੇ ‘ਚ) ਫੈਸਲਾ ਕਰਾਂਗੇ। ਉਨ੍ਹਾਂ ਕਿਹਾ ਕਿ ਜੇ ਵਿਰੋਧੀਆਂ ਪਾਰਟੀਆਂ ਤੇ ਸਹਿਯੋਗੀ ਪਾਰਟੀਆਂ ਚਾਹੁਣਗੀਆਂ ਤਾਂ ਉਹ ਯਕੀਨੀ ਤੌਰ ‘ਤੇ ਪ੍ਰਧਾਨ ਮੰਤਰੀ ਬਣਨਗੇ।
ਉਨ੍ਹਾਂ ਕਿਹਾ ਕਿ ਜੇ ਕਾਂਗਰਸ ਸੱਤਾ ‘ਚ ਆਉਂਦੀ ਹੈ ਤਾਂ ਮੈਂ ਤਿੰਨ ਕੰਮ ਕਰਾਂਗਾ ਪਹਿਲਾ ਕੰਮ ਛੋਟੇ ਉੱਦਮੀਆਂ ਨੂੰ ਮਜ਼ਬੂਤ ਕਰਾਂਗਾ, ਦੂਜਾ ਕਿਸਾਨਾਂ ਨੂੰ ਇਹ ਮਹਿਸੂਸ ਕਰਾਵਾਂਗਾ ਕਿ ਉਹ ਅਹਿਮ ਹਨ ਤੇ ਮੈਡੀਕਲ ਤੇ ਵਿੱਦਿਅਕ ਅਦਾਰੇ ਖੜ੍ਹੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਰ ਕਿਸਾਨ ਦੀ ਹਰ ਗੱਲ ਨੂੰ ਪੂਰਾ ਨਹੀਂ ਕਰ ਸਕਦੇ ਤੇ ਉਦਯੋਗਿਕ ਜਗਤ ਵੀ ਜੋ ਚਾਹੁੰਦਾ ਹੈ ਅਸੀਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨਹੀਂ ਮੰਨ ਸਕਦੇ ਪਰ ਤੁਹਾਨੂੰ ਉਨ੍ਹਾਂ ਨਾਲ ਗੱਲਬਾਤ ਕਰਨੀ ਪਵੇਗੀ ਤੇ ਇਸ ਨਾਲ ਹੀ ਹੱਲ ਨਿਕਲੇਗਾ।
ਐੱਨ.ਪੀ.ਏ. ਨੂੰ ਲੈ ਕੇ ਨੁਕਤਾਚੀਨੀ ਕਰਦਿਆਂ ਕਿਹਾ ਕਿ ਕਾਂਗਰਸ ਦੇ ਸਮੇਂ ਦੋ ਲੱਖ ਕਰੋੜ ਰੁਪਏ ਦਾ ਐੱਨ.ਪੀ. ਏ. ਸੀ ਤੇ ਇਨ੍ਹਾਂ ਦੇ ਸਮੇਂ 12 ਲੱਖ ਕਰੋੜ ਰੁਪਏ ਦਾ ਐੱਨ. ਪੀ. ਏ. ਹੈ। ਇਹ ਐੱਨ.ਪੀ.ਏ. ਇੰਨਾ ਕਿਵੇਂ ਹੋਇਆ ਹੈ?
ਉਨ੍ਹਾਂ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪਾਕਿਸਤਾਨ ਸਾਡੇ ਅੱਤਵਾਦੀ ਕਾਰਵਾਈਆਂ ਕਰਦਾ ਹੈ ਪਰ ਹੋਰ ਗੁਆਂਢੀਆਂ ਨਾਲ ਤਾਂ ਗੱਲਬਾਤ ਦੀਆਂ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਚੀਨ ਤੇ ਅਮਰੀਕਾ ‘ਚ ਆਪਣੀ ਜਗ੍ਹਾ ਬਣਾਉਣੀ ਪਵੇਗੀ।