ਫਰੀਦਕੋਟ : ਫਰੀਦਕੋਟ ‘ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਅਤੇ ਆਮ ਆਦਮੀਂ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਦੇ ਕਾਫਲੇ ਦੀ ਗੱਡੀ ਵੱਲੋਂ ਇਕ ਮਾਸੂਮ ਬੱਚੇ ਨੂੰ ਦਰੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ ਦੇਰ ਸ਼ਾਮ ਦੀ ਹੈ। ਜਦੋਂ ਸੁਖਪਾਲ ਖਹਿਰਾ ਦਾ ਕਾਫਲਾ ਗੋਲੇਵਾਲਾ ਵਾਲੇ ਪਾਸਿਓਂ ਆ ਰਿਹਾ ਸੀ ਤਾਂ ਕਾਫਲੇ ‘ਚ ਸ਼ਾਮਲ ਇਕ ਪਾਇਲਟ ਗੱਡੀ ਨੇ ਫਰੀਦਕੋਟ ਦੀ ਨਾਨਕਸਰ ਬਸਤੀ ਕੋਲ ਇਕ 6 ਸਾਲਾ ਮਾਸੂਮ ਬੱਚੇ ਨੂੰ ਆਪਣੀ ਲਪੇਟ ‘ਚ ਲੈ ਲਿਆ, ਜਿਸ ਕਾਰਨ ਬੱਚਾ ਗੰਭੀਰ ਜ਼ਖਮੀਂ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਤੁਰੰਤ ਫਰੀਦਕੋਟ ਦੇ ਜੀ. ਜੀ. ਐੱਸ. ਮੈਡੀਕਲ ਹਸਪਤਾਲ ‘ਚ ਭਰਤੀ ਕਰਾਇਆ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਬੱਚੇ ਦੇ ਰਿਸ਼ਤੇਦਾਰ ਆਸ਼ਾ ਰਾਮ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਉਨ੍ਹਾਂ ਦਾ ਬੱਚਾ ਕਿਸੇ ਆਗੂ ਦੇ ਕਾਫਲੇ ਦੀ ਪਾਇਲਟ ਗੱਡੀ ਹੇਠ ਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਜ਼ਖਮੀਂ ਹਾਲਤ ‘ਚ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਾਅਦ ‘ਚ ਪਤਾ ਲੱਗਿਆ ਕਿ ਉਹ ਗੱਡੀ ਸੁਖਪਾਲ ਖਹਿਰਾ ਦੇ ਕਾਫਲੇ ਦੀ ਪਾਇਲਟ ਗੱਡੀ ਸੀ। ਉਨ੍ਹਾਂ ਕਿਹਾ ਕਿ ਗੱਡੀ ਦਾ ਡਰਾਈਵਰ ਹੀ ਬੱਚੇ ਨੂੰ ਹਸਪਤਾਲ ਲੈ ਕੇ ਆਇਆ ਸੀ।
ਇਸ ਸਾਰੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਥਾਣਾ ਸਿਟੀ ਫਰੀਦਕੋਟ ਦੇ ਮੁੱਖ ਅਫਸਰ ਗੁਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਬੱਚੇ ਦੇ ਫਿਰੋਜ਼ਪੁਰ ਰੋਡ ‘ਤੇ ਗੱਡੀ ਹੇਠਾਂ ਆ ਕੇ ਗੰਭੀਰ ਜ਼ਖਮੀਂ ਹੋਣ ਦੀ ਇਤਲਾਹ ਮਿਲੀ ਸੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ, ਉਸ ਮੁਤਾਬਕ ਬਣਦੀ ਕਾਰਵਾਈ ਅਮਲ ‘ਚ ਲਿਆਦੀ ਜਾਵੇਗੀ।