ਵਿਵੇਕ ਤਿਵਾਰੀ ਦੇ ਮੁੱਖ ਮੁਲਜ਼ਮਾਂ ਦੀ ਹਮਾਇਤ ‘ਚ ਯੂ.ਪੀ. ਪੁਲਸ, 5 ਨੂੰ ਮਨਾਇਆ ਜਾਵੇਗਾ ਕਾਲਾ ਦਿਵਸ

ਲਖਨਊ – ਉੱਤਰ-ਪ੍ਰਦੇਸ਼ ਦੀ ਪੁਲਸ ਵਿਵੇਕ ਤਿਵਾਰੀ ਕਤਲ ਕਾਂਡ ਦੇ ਮੁਲਜ਼ਮ ਪੁਲਸ ਮੁਲਾਜ਼ਮਾਂ ਦੀ ਹਮਾਇਤ ਵਿਚ ਖੁੱਲ੍ਹ ਕੇ ਨਿੱਤਰ ਆਈ ਹੈ। ਸੰਗਠਨ ਨੇ ਪੰਜ ਅਕਤੂਬਰ ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ ਦਿੱਤਾ ਹੈ। ਇਸ ਸੰਗਠਨ ਦੇ ਜਨਰਲ ਸਕੱਤਰ ਅਵਿਨਾਸ਼ ਪਾਠਕ ਨੇ ਕਿਹਾ ਕਿ 5 ਅਕਤੂਬਰ ਨੂੰ ਪੁਲਸ ਮੁਲਾਜ਼ਮ ਕਾਲਾ ਬਿੱਲਾ ਜਾਂ ਕਾਲੀ ਪੱਟੀ ਲਗਾਉਣਗੇ। ਇਸ ਤੋਂ ਬਾਅਦ 6 ਤਰੀਕ ਨੂੰ ਇਲਾਹਾਬਾਦ ਵਿਚ ਮੀਟਿੰਗ ਬੁਲਾਈ ਗਈ ਹੈ ਅਤੇ ਉਸ ਤੋਂ ਬਾਅਦ ਇਸ ਦਿਸ਼ਾ ਵਿਚ ਅੰਦੋਲਨ ਦਾ ਫੈਸਲਾ ਲਿਆ ਜਾਵੇਗਾ। ਪਾਠਕ ਦਾ ਕਹਿਣਾ ਹੈ ਕਿ ਸੂਬਾ ਪੁਲਸ ਦੇ ਸਾਰੇ ਸਿਪਾਹੀ ਮੁਲਜ਼ਮ ਸਿਪਾਹੀ ਦੀ ਬਿਨਾਂ ਜਾਂਚ ਦੇ ਬਰਖਾਸਤਗੀ ਅਤੇ ਉਸ ਨੂੰ ਜੇਲ ਭੇਜੇ ਜਾਣ ਦੇ ਵਿਰੋਧ ਵਿਚ ਲਾਮਬੰਦ ਹੋ ਰਹੇ ਹਨ। ਪੰਜ ਅਕਤੂਬਰ ਨੂੰ ਯੂ. ਪੀ. ਪੁਲਸ ਦੇ ਸਿਪਾਹੀ ਕਾਲਾ ਦਿਵਸ ਮਨਾ ਰਹੇ ਹਨ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਤਰ੍ਹਾਂ ਦੀਆਂ ਵੀਡੀਓ ਅਤੇ ਪੋਸਟਰ ਵਾਇਰਲ ਹੋ ਰਹੇ ਹਨ।
ਵਿਵੇਕ ਤਿਵਾਰੀ ਕਤਲਕਾਂਡ ਤੋਂ ਬਾਅਦ ਪੁਲਸ ਵੈਲਫੇਅਰ ਐਸੋਸੀਏਸ਼ਨ ਨੇ ਮੁਲਜ਼ਮ ਪੁਲਸ ਵਾਲਿਆਂ ਦੇ ਪੱਖ ਵਿਚ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਇਕ ਚਿੱਠੀ ਲਿਖੀ ਹੈ। ਚਿੱਠੀ ਵਿਚ ਕਿਹਾ ਗਿਆ ਹੈ ਕਿ ਜੋ ਪੁਲਸ ਮੁਲਾਜ਼ਮ ਜਾਂ ਅਧਿਕਾਰੀ ਡਿਊਟੀ ਨਿਭਾਉਂਦੇ ਹੋਏ ਮਾਰੇ ਗਏ ਹਨ। ਉਨ੍ਹਾਂ ਨੂੰ ਵੀ ਵਿਵੇਕ ਤਿਵਾਰੀ ਦੇ ਪਰਿਵਾਰ ਵਾਂਗ 40-40 ਲੱਖ ਰੁਪਏ ਦਿੱਤੇ ਜਾਣ। ਚਿੱਠੀ ਵਿਚ ਲਿਖਿਆ ਹੈ ਕਿ ਸਾਰੇ ਪੁਲਸ ਮੁਲਾਜ਼ਮਾਂ ਦੇ ਬੱਚਿਆਂ ਅਤੇ ਪਰਿਵਾਰ ਵਾਲਿਆਂ ਨੂੰ ਵੀ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਨੂੰ ਮਕਾਨ ਦਿੱਤੇ ਜਾਣ। ਉਨ੍ਹਾਂ ਵਿਰੁੱਧ ਦਰਜ ਮੁਕੱਦਮਿਆਂ ਨੂੰ ਤੁਰੰਤ ਵਾਪਸ ਲਿਆ ਜਾਵੇ। ਚਿੱਠੀ ਮੁਤਾਬਕ ਇਨ੍ਹਾਂ ਮੰਗਾਂ ਦੀ ਹਮਾਇਤ ਵਿਚ ਸਾਰੇ ਨਾਨ-ਗਜ਼ਟਿਡ ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀ ਆਉਣ ਵਾਲੀ 11 ਅਕਤੂਬਰ ਨੂੰ ਮੈਸ ਦੇ ਖਾਣੇ ਦਾ ਬਾਈਕਾਟ ਕਰਨਗੇ। ਜੇਕਰ ਸਰਕਾਰ ਉਦੋਂ ਵੀ ਮੰਗਾਂ ਨਹੀਂ ਮੰਨਦੀ ਤਾਂ ਮੁਲਾਜ਼ਮ ਅੰਦੋਲਨ ਕਰਨ ਲਈ ਮਜਬੂਰ ਹਨ। ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।