ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਇਕ ਪ੍ਰੈਸ ਕਾਨਫਰੰਸ ਦੌਰਾਨ ਸਰਵਿਸ ਟੈਕਸ ਚੋਰੀ ‘ਤੇ ਵੱਡਾ ਖੁਲਾਸਾ ਕੀਤਾ ਗਿਆ ਹੈ। ਸਿੱਧੂ ਨੇ ਇਕ ਨਿਜੀ ਕੇਬਲ ਆਪਰੇਟਰ ਕੰਪਨੀ ‘ਤੇ ਸਰਵਿਸ ਟੈਕਸ ਰਾਹੀਂ ਕਰੋੜਾਂ ਰੁਪਏ ਦਾ ਘੋਟਾਲਾ ਕੀਤੇ ਜਾਣ ਦੀ ਗੱਲ ਕਹੀ। ਇਸ ਕੇਬਲ ਆਪਰੇਟਰ ਕੰਪਨੀ ਨੂੰ ਸਰਵਿਸ ਟੈਕਸ ‘ਚ ਕੀਤੀ ਗਈ ਚੋਰੀ ਦਾ ਭੁਗਤਾਨ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
ਸਿੱਧੂ ਦੇ ਦਾਅਵੇ ਮੁਤਾਬਕ ਇਹ ਘੋਟਾਲਾ 2100 ਕਰੋੜ ਰੁਪਏ ਦਾ ਹੈ। ‘ਡਾਇਰੈਕਟਰ ਜਨਰਲ ਆਫ ਜੀ. ਐੱਸ. ਟੀ. ਇੰਟੈਲੀਜੈਂਸ’ ਦੇ ਹਵਾਲੇ ਨਾਲ ਭੇਜੇ ਗਏ ਇਸ ਨੋਟਿਸ ‘ਚ ਨਿਜੀ ਕੇਬਲ ਆਪਰੇਟਰ ਕੰਪਨੀ ਦੇ ਸੀ. ਏ. ਨੂੰ ਕੰਪਨੀ ‘ਚੋਂ ਹਟਾਉਣ ਦੀ ਗੱਲ ਕਹੀ ਗਈ ਹੈ, ਜਿਸ ਨੂੰ ਕੰਪਨੀ ਵਲੋਂ ਮੋਟੀ ਤਨਖਾਹ ਦਿੱਤੀ ਜਾਂਦੀ ਹੈ। ਦੱਸ ਦੇਈਏ ਕਿ ਸਰਵਿਸ ਟੈਕਸ ਚੋਰੀ ਇਕ ਬੇਹੱਦ ਗੰਭੀਰ ਅਪਰਾਧ ਹਨ। ਇਸ ਨੋਟਿਸ ‘ਚ 100 ਫੀਸਦੀ ਮੂਲ ਨਾਲ 100 ਫੀਸਦੀ ਵਿਆਜ ਲੈਣ ਦਾ ਹਵਾਲਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੋਕਲ ਕੇਬਲ ਆਪਰੇਟਰਾਂ ਨੂੰ ਵੀ ਨੋਟਿਸ ਭੇਜੇ ਗਏ ਹਨ। ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਇਨ੍ਹਾਂ ਨੋਟਿਸਾਂ ਤੋਂ ਸਰਵਿਸ ਟੈਕਸ ਵਿਭਾਗ ਨੂੰ ਜੋ ਰਕਮ ਮਿਲੇਗੀ, ਉਸ ‘ਚੋਂ 62 ਫੀਸਦੀ ਪੰਜਾਬ ਸਰਕਾਰ ਨੂੰ ਮਿਲੇਗੀ।