ਨਵੀਂ ਦਿੱਲੀ—ਅਗਲੇ ਸਾਲ 2019 ‘ਚ ਹੋਣ ਵਾਲੀ ਲੋਕ ਸਭਾ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਬਸਪਾ ਨੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ਬਸਪਾ ਮੁਖੀ ਮਾਇਆਵਤੀ ਨੇ ਆਪਣੀ ਲੋਕਪ੍ਰਿਯਤਾ ਵਾਪਸ ਲਿਆਉਣ ਲਈ ਪਾਰਟੀ ਸੰਸਥਾਪਕ ਕਾਂਸ਼ੀਰਾਮ ਦੀ ਬਰਸੀ ਦੇ ਦਿਨ ਨੂੰ ਚੁਣਿਆ ਹੈ। 9 ਅਕਤੂਬਰ ਨੂੰ ਕਾਂਸ਼ੀਰਾਮ ਦੀ 12ਵੀਂ ਬਰਸੀ ਨੂੰ ਰਾਜਧਾਨੀ ਲਖਨਊ ‘ਚ ਬਸਪਾ ਵਿਸ਼ਾਲ ਰੈਲੀ ਆਯੋਜਿਤ ਕਰ ਰਹੀ ਹੈ। ਲਖਨਊ ਦੇ ਕਾਂਸ਼ੀਰਾਮ ਈਕੋ ਗਾਰਡਨ ‘ਚ ਹੋਣ ਵਾਲੀ ਰੈਲੀ ‘ਚ ਮਾਇਆਵਤੀ ਸ਼ਕਤੀ ਪ੍ਰਦਰਸ਼ਨ ਕਰਕੇ ਵਿਰੋਧੀ ਦਲਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਾਉਣਾ ਚਾਹੁੰਦੀ ਹੈ। ਇਸਦੇ ਬਾਅਦ ਰਾਜ ਦੇ ਸਾਰੇ 18 ਮੰਡਲਾਂ ‘ਚ ਵੱਖ-ਵੱਖ ਤਰੀਕਾਂ ਨੂੰ ਰੈਲੀ ਕਰਨ ਦੀ ਯੋਜਨਾ ਬਣਾਈ ਗਈ ਹੈ।
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਸਪਾ ਲਈ ਇਕ ਰਸਮੀ ਪਲੇਟਫਾਰਮ ਤਿਆਰ ਕਰਨ ਲਈ ਇਹ ਰੈਲੀ ਕਾਫੀ ਅਹਿਮ ਮੰਨੀ ਜਾ ਰਹੀ ਹੈ। ਹਰ ਜ਼ੋਨਲ ਕੋਆਰਡੀਨੇਟਰ ਨੂੰ ਆਪਣੇ ਮੰਡਲ ਤੋਂ 15 ਤੋਂ 20 ਹਜ਼ਾਰ ਪਾਰਟੀ ਵਰਕਰਾਂ ਨੂੰ ਲਿਆਉਣ ਲਈ ਬਸਪਾ ਦੇ ਪ੍ਰਦੇਸ਼ ਪ੍ਰਧਾਨ ਆਰ.ਐੱਸ.ਕੁਸ਼ਵਾਹਾ ਨੇ ਹਿਦਾਇਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪਾਰਟੀ ਮੁਖੀ ਦੇ ਮੌਜੂਦ ਰਹਿਣ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ‘ਚ 2 ਲੱਖ ਤੋਂ ਜ਼ਿਆਦਾ ਲੋਕਾਂ ਦੇ ਸ਼ਾਮਿਲ ਹੋਣ ਦਾ ਅਨੁਮਾਨ ਹੈ। ਬਸਪਾ ਨੇ ਇਸ ਰੈਲੀ ਨੂੰ ਸਫਲ ਬਣਾਉਣ ਲਈ ਕਾਫੀ ਤਿਆਰੀਆਂ ਕੀਤੀਆਂ ਹੋਈਆਂ ਹਨ।