ਅਕਾਲੀ ਦਲ ‘ਚ ਰੁੱਸਿਆ ਨੂੰ ਮਨਾਉਣ ਦਾ ਦੌਰ ਸ਼ੁਰੂ, ਸੁਖਬੀਰ ਤੇ ਮੱਕੜ ਵਿਚਾਲੇ ਬੰਦ ਕਮਰਾ ਮੀਟਿੰਗ

ਲੁਧਿਆਣਾ : ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਅਕਾਲੀ ਦਲ ‘ਚ ਉਠੀਆਂ ਬਗਵਾਤੀ ਸੁਰਾਂ ਨੂੰ ਮੱਠਾ ਕਰਨ ਅਤੇ ਰੁੱਸਿਆਂ ਨੂੰ ਮਨਾਉਣ ਦਾ ਦੌਰ ਸ਼ੁਰੂ ਹੋ ਗਿਆ ਹੈ। ਜਿਸ ਦੇ ਚੱਲਦੇ ਬੁੱਧਵਾਰ ਨੂੰ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮੁਲਾਕਾਤ ਕੀਤੀ ਗਈ। ਮੱਕੜ ਪਿਛਲੇ ਕੁੱਝ ਸਮੇਂ ਤੋਂ ਅਕਾਲੀ ਦਲ ਨਾਲ ਨਾਰਾਜ਼ ਚੱਲ ਰਹੇ ਸਨ। ਇਸ ਦੌਰਾਨ ਬਿਕਰਮ ਮਜੀਠੀਆ, ਦਲਜੀਤ ਸਿੰਘ ਚੀਮਾ ਅਤੇ ਮਹੇਸ਼ਇੰਦਰ ਗਰੇਵਾਲ ਵੀ ਉਨ੍ਹਾਂ ਦੇ ਨਾਲ ਸਨ।
ਇਸ ਦੌਰਾਨ ਸੁਖਬੀਰ ਬਾਦਲ ਤੇ ਅਵਤਾਰ ਸਿੰਘ ਮੱਕੜ ਵਿਚਾਲੇ ਬੰਦ ਕਮਰੇ ਵਿਚ ਕਰੀਬ 20 ਮਿੰਟ ਤਕ ਗੱਲਬਾਤ ਹੋਈ। ਮੀਟਿੰਗ ਉਪਰੰਤ ਸੁਖਬੀਰ ਨੇ ਕਿਹਾ ਕਿ 7 ਨੂੰ ਪਟਿਆਲਾ ਵਿਚ ਹੋਣ ਜਾ ਰਹੀ ਰੈਲੀ ਵਿਚ ਲੋਕਾਂ ਦੀ ਜਿੱਤ ਹੋਵੇਗੀ। ਲੋਕ ਪਟਿਆਲਾ ਦੇ ਕਿਲੇ ਨੂੰ ਹਿਲਾ ਕੇ ਰੱਖ ਦੇਣਗੇ। ਅੱਗੇ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਨਸ਼ੇ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤੇ ਦੂਜੇ ਪਾਸੇ ਅਫੀਮ ਦੀ ਖੇਤੀ ਕਰਨ ਦੀ ਗੱਲ ਕਰ ਰਹੀ ਹੈ।