ਬਰਗਾੜੀ ਮਾਰਚ ਨੂੰ ਫੇਲ ਕਰਨ ਲਈ ਕੈਪਟਨ ਤੇ ਬਾਦਲ ਨੇ ਰੱਖੀਆਂ ਰੈਲੀਆਂ : ਖਹਿਰਾ

ਬਾਘਾਪੁਰਾਣਾ : ਬੇਅਦਬੀ ਅਤੇ ਬਹਿਬਲ ਕਲਾਂ ਵਿਚ ਬਾਦਲ ਸਰਕਾਰ ਵੇਲੇ ਹੋਏ ਗੋਲੀਕਾਂਡ ਦੌਰਾਨ ਦੋ ਨੌਜਵਾਨ ਮਾਰੇ ਗਏ ਸਨ ਪਰ ਅਜੇ ਤੱਕ ਸੂਬੇ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਦੇ ਬਾਵਜੂਦ ਵੀ ਇਨਸਾਫ ਨਹੀਂ ਕੀਤਾ। ਇੱਥੋਂ ਤੱਕ ਕਿ 21ਵੀਂ ਸਦੀ ‘ਚ ਪੰਜਾਬ ਵਰਗੇ ਸੂਬੇ ਅੰਦਰ ਹਨੇਰ ਗਰਦੀ ਮਚੀ ਹੋਈ ਹੈ ਜਦਕਿ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਅਤੇ ਗੋਲੀਕਾਂਡ ਕਰਵਾਉਣ ਵਾਲੇ ਬਾਦਲਾਂ ਖਿਲਾਫ ਕਾਰਵਾਈ ਨਹੀਂ ਹੋ ਸਕੀ ਤਾਂ ਆਮ ਜਨਤਾ ਨੂੰ ਇਸ ਸਰਕਾਰ ਤੋਂ ਹੋਰ ਕੀ ਉਮੀਦ ਰੱਖੀ ਜਾ ਸਕਦੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਸਾਬਕਾ ਆਗੂ ਅਤੇ ‘ਆਪ’ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਇਥੇ ਇਕ ਹੋਟਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਖਹਿਰਾ ਨੇ ਕਿਹਾ ਕਿ ਬਾਦਲ ਤੇ ਕੈਪਟਨ ਦੀ ਗੰਢਤੁਪ ਕਰਕੇ ਪੀੜਤਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਪਰ ਪੰਜਾਬ ਦੀ ਜਨਤਾ ਉਦੋਂ ਤੱਕ ਸੰਘਰਸ਼ ਜਾਰੀ ਰੱਖੇਗੀ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ।
ਖਹਿਰਾ ਨੇ ਕਿਹਾ ਕਿ ਅਸੀਂ ਕੈਪਟਨ ਸਰਕਾਰ ਤੋਂ ਇਨਸਾਫ ਲੈਣ ਲਈ 7 ਅਕਤੂਬਰ ਨੂੰ ਕੋਟਕਪੂਰਾ ਤੋਂ ਕਾਫਲੇ ਦੇ ਰੂਪ ‘ਚ ਰੋਸ ਮਾਰਚ ਕੱਢ ਰਹੇ ਹਾਂ ਪਰ ਕੈਪਟਨ ਸਰਕਾਰ ਅਤੇ ਬਾਦਲਾਂ ਨੇ ਸਾਡੇ ਰੋਸ ਮਾਰਚ ਨੂੰ ਤਾਰੋਪੀੜ ਕਰਨ ਲਈ ਲੰਬੀ ਅਤੇ ਪਟਿਆਲਾ ਰੈਲੀ ਰੱਖੀ ਹੈ। ਖਹਿਰਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਦੇ ਬਾਵਜੂਦ ਕੈਪਟਨ ਹੁਣ ਕਿਸ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਰੈਲੀ ਦੇ ਸਬੰਧ ਵਿਚ ਛੋਟੇਪੁਰ, ਗਾਂਧੀ, ਅਮਨ ਅਰੋੜਾ, ਫੂਲਕਾ ਸਮੇਤ ਸਾਡੇ ਤੋਂ ਵੱਖ ਹੋਏ ਸਾਰੇ ‘ਆਪ’ ਵਿਧਾਇਕਾਂ ਨੂੰ ਸੱਦਾ ਦਿੱਤਾ ਗਿਆ ਹੈ ਤਾਂ ਜੋ ਪੰਜਾਬ ਨੂੰ ਮਿਲ ਕੇ ਇਨਸਾਫ ਦਿਵਾਇਆ ਜਾ ਸਕੇ।