ਪੰਜਾਬ ਦੇ ਹੱਕਾਂ ‘ਤੇ ਡਾਕੇ ਮਾਰਨ ‘ਚ ਮੋਦੀ ਨੇ ਕਾਂਗਰਸ ਨੂੰ ਪਿੱਛੇ ਛੱਡਿਆ : ਹਰਪਾਲ ਚੀਮਾ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਰਾਜਧਾਨੀ ਚੰਡੀਗੜ੍ਹ ‘ਚ ਪੰਜਾਬ ਦੇ ਕੋਟੇ ‘ਤੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਕਬਜ਼ੇ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਨੂੰ ਜਬਰੀ ਖੋਹਣ ਦੇ ਮਾਮਲੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ-ਅਕਾਲੀ ਸਰਕਾਰ ਨੇ ਕਾਂਗਰਸ ਦੀਆਂ ਕੇਂਦਰ ਸਰਕਾਰਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ‘ਆਪ’ ਮੁੱਖ ਦਫਤਰ ਵੱਲੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਿਸ ਤਾਨਾਸ਼ਾਹੀ ਨਾਲ ਸੂਬੇ ਦੀ ਰਾਜਧਾਨੀ ਚੰਡੀਗੜ੍ਹ ‘ਚ ਪੰਜਾਬ ਦਾ 60 ਫੀਸਦੀ ਕੋਟਾ ਆਪਣੇ ਅਧੀਨ ਕੀਤਾ ਹੈ, ਉਹ ਸਿੱਧੇ ਤੌਰ ‘ਤੇ ਪੰਜਾਬ ਦੇ ਬੁਨਿਆਦੀ ਹੱਕਾਂ ‘ਤੇ ਇਕ ਹੋਰ ਹਮਲਾ ਹੈ, ਜੋ ਪੰਜਾਬ ਪੁਨਰ ਨਿਰਮਾਣ ਐਕਟ 1966 ਦੀਆਂ ਸੰਵਿਧਾਨਿਕ ਮੱਦਾਂ ਦੀ ਉਲੰਘਣਾ ਹੈ। ਇਸ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਇਸ ਫੈਸਲੇ ਨੂੰ ਰੱਦ ਕਰਨ ਦੀ ਮੰਗ ਕਰੇਗੀ।
ਇਸ ਦੇ ਨਾਲ ਹੀ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਉਹ ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਲੰਬਿਤ ਮੁੱਦਿਆਂ ‘ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਅਤੇ ਸਾਰੀਆਂ ਪਾਰਟੀਆਂ ਰਾਜਧਾਨੀ ਚੰਡੀਗੜ੍ਹ, ਪੰਜਾਬੀ ਭਾਸ਼ਾਈ ਇਲਾਕੇ ਅਤੇ ਪੰਜਾਬ ਦੇ ਦਰਿਆਈ ਪਾਣੀਆਂ ‘ਤੇ ਆਪਣਾ-ਆਪਣਾ ਸਟੈਂਡ ਵਿਧਾਨ ਸਭਾ ‘ਚ ਸਪੱਸ਼ਟ ਕਰਨ।