ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀ ਜਯੰਤੀ ‘ਤੇ ਵਿਸ਼ਵ ਨੂੰ ਸਵੱਛ ਬਣਾਉਣ ਦਾ ਦਿੱਤਾ ਮੰਤਰ

ਨੈਸ਼ਨਲ ਡੈਸਕ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਦਾ ਸਵੱਛਤਾ ਮਿਸ਼ਨ ਦੁਨੀਆ ਦਾ ਸਭ ਤੋਂ ਵੱਡਾ ਜਨ ਅੰਦੋਲਨ ਬਣ ਚੁੱਕਾ ਹੈ। ਅਸੀਂ ਹਾਲੇ ਹੋਰ ਅੱਗੇ ਵਧਣਾ ਹੈ ਅਤੇ ਸਵੱਛ ਭਾਰਤ ਬਣਾ ਕੇ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਦੇਣੀ ਹੈ। ਪ੍ਰਧਾਨ ਮੰਤਰੀ ਮੋਦੀ ਮਹਾਤਮਾ ਗਾਂਧੀ ਦੇ 150ਵੇਂ ਜਨਮਦਿਨ ਦੇ ਮੌਕੇ ‘ਤੇ ਗਲੋਬਲ ਸੈਨੀਟੇਸ਼ਨ ਕਨਵੈਨਸ਼ਨ ਨੂੰ ਸੰਬੋਧਿਤ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਨੂੰ ਸਵੱਛ ਬਣਾਉਣ ਦੇ ਲਈ 4ਪੀ ਦੀ ਲੋੜ ਹੈ। ਇਹ ਚਾਰ ਮੰਤਰ: Political Leadership , Public Funding, Partnerships, People’s participation। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਦੇ ਖੇਤਰ ‘ਚ ਉਮਾ ਭਾਰਤੀ, ਉਨ੍ਹਾਂ ਦੀ ਟੀਮ ਅਤੇ ਦੇਸ਼ ਭਰ ਦੇ ਲੋਕਾਂ ਨੇ ਕਾਫੀ ਵਧੀਆ ਕੰਮ ਕੀਤਾ ਹੈ। ਭਾਰਤ ‘ਚ ਹੁਣ ਕੁਪੋਸ਼ਣ ਦੇ ਖਿਲਾਫ ਜਨ ਅੰਦੋਲਨ ਦੀ ਸ਼ੁਰੂਆਤ ਹੋ ਚੁੱਕੀ ਹੈ। ਭਾਰਤ ਵਸੂਧੈਵ ਕੁਤੁਬੂਕਾਮ ਦੇ ਮੰਤਰ ‘ਤੇ ਚੱਲ ਰਿਹਾ ਹੈ। ਦੇਸ਼ ‘ਚ ਖੁੱਲ੍ਹੇ ‘ਚ ਟਾਇਲਟ ਕਰਨ ਵਾਲਿਆਂ ਦੀ ਗਿਣਤੀ 60 ਫੀਸਦੀ ਤੋਂ ਘਟ ਕੇ 20 ਫੀਸਦੀ ‘ਤੇ ਆ ਗਈ ਹੈ। ਅਸੀਂ ਨਿਗਰਾਨੀ ਕਰ ਰਹੇ ਹਾਂ ਕਿ ਜਿਹੜੀਆਂ ਥਾਵਾਂ ਖੁੱਲ੍ਹੇ ‘ਚ ਟਾਇਲਟ ਤੋਂ ਮੁਕਤ ਹੋ ਚੁੱਕੀਆਂ ਹਨ, ਉੱਥੇ ਫਿਰ ਤੋਂ ਇਹ ਸ਼ੁਰੂਆਤ ਨਾ ਹੋਵੇ।
ਮੋਦੀ ਨੇ ਕਿਹਾ ਕਿ ਮੈਂ ਦੁਨੀਆ ਦੇ ਸਾਹਮਣੇ ਸਵੀਕਾਰ ਕਰਦਾ ਹਾਂ ਕਿ ਜੇਕਰ ਮੇਰੇ ਵਰਗੇ ਲੋਕ ਬਾਪੂ ਦੇ ਵਿਚਾਰਾਂ ਤੋਂ ਪ੍ਰੇਰਿਤ ਨਹੀਂ ਹੁੰਦੇ ਤਾਂ ਸ਼ਾਇਦ ਸਵੱਛਤਾ ਕਿਸੇ ਸਰਕਾਰ ਦੀ ਤਰਜੀਹ ਨਾ ਬਣਦੀ। ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੇ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਜਘਾਟ ਦੇ ਇਲਾਵਾ ਮੋਦੀ ਵਿਜੈ ਘਾਟ ਵੀ ਗਏ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।