ਨਵੀਂ ਦਿੱਲੀ— ਹੁਣ ਜਲਦ ਹੀ ਹਵਾਈ ਸਫਰ ਮਹਿੰਗਾ ਹੋਣ ਜਾ ਰਿਹਾ ਹੈ। ਮੋਦੀ ਸਰਕਾਰ ਦੇ ਰਾਜ ‘ਚ ਜਹਾਜ਼ ਈਂਧਣ ਦੀਆਂ ਕੀਮਤਾਂ ‘ਚ ਭਾਰੀ ਵਾਧਾ ਦਰਜ ਹੋਇਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਪਹਿਲੀ ਅਕਤੂਬਰ ਤੋਂ ਹਵਾਬਾਜ਼ੀ ਟਰਬਾਈਨ ਈਂਧਣ (ਏ. ਟੀ. ਐੱਫ.) ਦੀਆਂ ਕੀਮਤਾਂ ‘ਚ ਭਾਰੀ ਵਾਧਾ ਕੀਤਾ ਹੈ। ਦਿੱਲੀ ‘ਚ ਹਵਾਬਾਜ਼ੀ ਟਰਬਾਈਨ ਈਂਧਣ ਦੀ ਕੀਮਤ 5,106 ਰੁਪਏ ਵਧ ਕੇ 74,567 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਇਸ ਤੋਂ ਪਹਿਲਾਂ ਆਖਰੀ ਵਾਰ ਮਾਰਚ 2014 ‘ਚ ਏ. ਟੀ. ਐੱਫ. ਦੀ ਕੀਮਤ 74 ਹਜ਼ਾਰ ਰੁਪਏ ਤੋਂ ਜ਼ਿਆਦਾ ਰਹੀ ਸੀ, ਉਦੋਂ ਇਸ ਦੀ ਕੀਮਤ 74,825 ਰੁਪਏ ਪ੍ਰਤੀ ਕਿਲੋਲੀਟਰ ਦਰਜ ਕੀਤੀ ਗਈ ਸੀ। ਉੱਥੇ ਹੀ ਪਿਛਲੇ ਮਹੀਨੇ ਦਿੱਲੀ ‘ਚ ਏ. ਟੀ. ਐੱਫ. ਦੀ ਕੀਮਤ 69,461 ਰੁਪਏ ਪ੍ਰਤੀ ਕਿਲੋਲੀਟਰ ਸੀ। ਏ. ਟੀ. ਐੱਫ. ਦੀਆਂ ਕੀਮਤਾਂ ‘ਚ ਵਾਧਾ ਹੋਣ ਨਾਲ ਕੰਪਨੀਆਂ ਦੇ ਮੁਨਾਫੇ ‘ਤੇ ਅਸਰ ਪਵੇਗਾ, ਅਜਿਹੇ ‘ਚ ਕਿਰਾਏ ਵਧਣਾ ਲਾਜ਼ਮੀ ਹੈ। ਹਵਾਈ ਸਫਰ ਮਹਿੰਗਾ ਹੋਣ ਨਾਲ ਸਭ ਤੋਂ ਵੱਡਾ ਝਟਕਾ ਨਵਰਾਤਰੀ, ਦੁਸਹਿਰਾ ਅਤੇ ਦਿਵਾਲੀ ਵਰਗੇ ਤਿਉਹਾਰਾਂ ‘ਤੇ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਲੱਗੇਗਾ। ਤਿਉਹਾਰੀ ਸੀਜ਼ਨ ‘ਚ ਵੱਡੀ ਗਿਣਤੀ ‘ਚ ਲੋਕ ਸਫਰ ਕਰਦੇ ਹਨ।
ਇਕ ਸਾਲ ‘ਚ 40% ਮਹਿੰਗਾ ਹੋਇਆ ਏ. ਟੀ. ਐੱਫ.
ਪਿਛਲੇ ਸਾਲ ਅਕਤੂਬਰ ਤੋਂ ਹੁਣ ਤਕ ਜਹਾਜ਼ ਈਂਧਣ 21 ਹਜ਼ਾਰ 500 ਰੁਪਏ ਯਾਨੀ 40 ਫੀਸਦੀ ਮਹਿੰਗਾ ਹੋ ਚੁੱਕਾ ਹੈ। ਅਕਤੂਬਰ 2017 ‘ਚ ਈ. ਟੀ. ਐੱਫ. ਦੀ ਕੀਮਤ 53,045 ਰੁਪਏ ਪ੍ਰਤੀ ਕਿਲੋਲੀਟਰ ਸੀ, ਜੋ ਪਹਿਲੀ ਅਕਤੂਬਰ 2018 ਤਕ ਵਧ ਕੇ 74,567 ਰੁਪਏ ਪ੍ਰਤੀ ਕਿਲੋਲੀਟਰ ‘ਤੇ ਪਹੁੰਚ ਗਈ ਹੈ।