ਲਖਨਊ ਸ਼ੂਟਆਊਟ : ਵਿਵੇਕ ਤਿਵਾਰੀ ਦੇ ਪਰਿਵਾਰਕ ਮੈਂਬਰਾਂ ਨਾਲ ਅਖਿਲੇਸ਼ ਨੇ ਕੀਤੀ ਮੁਲਾਕਾਤ

ਲਖਨਊ – ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਮ੍ਰਿਤਕ ਵਿਵੇਕ ਤਿਵਾਰੀ ਦੇ ਪਰਿਵਾਰਕ ਮੈਂਬਰਾਂ ਨਾਲ ਉਨ੍ਹਾਂ ਦੇ ਘਰ ਪਹੁੰਚ ਕੇ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਉੱਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਚੁੱਕੇ।
ਯਾਦਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਐਪਲ ਕੰਪਨੀ ਦੇ ਅਧਿਕਾਰੀ ਦੇ ਕਤਲ ਨਾਲ ਉੱਤਰ-ਪ੍ਰਦੇਸ਼ ਨੂੰ ਦੇਸ਼-ਦੁਨੀਆ ਵਿਚ ਸ਼ਰਮਸਾਰ ਹੋਣਾ ਪਿਆ ਹੈ। ਸੂਬੇ ਵਿਚ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਚੁੱਕੀ ਹੈ। ਅਪਰਾਧੀ ਤਾਂ ਕੀ ਪੁਲਸ ਵਾਲੇ ਵੀ ਹੁਣ ਆਮ ਜਨਤਾ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ। ਸੂਬੇ ਵਿਚ ਇਕ ਤੋਂ ਬਾਅਦ ਇਕ ਹੋ ਰਹੇ ਫਰਜ਼ੀ ਐਨਕਾਉਂਟਰ ਨਾਲ ਸਮੁੱਚਾ ਸੂਬਾ ਸਹਿਮਿਆ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ‘ਤੇ ਅਪਰਾਧਕ ਮਾਮਲੇ ਦਰਜ ਹਨ। ਸਪਾ ਲਗਾਤਾਰ ਕਹਿੰਦੀ ਰਹੀ ਹੈ ਕਿ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਕਾਨੂੰਨ ਵਿਵਸਥਾ ਦੀ ਬਿਹਤਰੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਮੁੱਖ ਮੰਤਰੀ ਸਦਨ ਵਿਚ ਡਰਾਉਣ ਦੀ ਭਾਸ਼ਾ ਬੋਲਦੇ ਹਨ। ਉਹ ਪੁਲਸ ਵਾਲਿਆਂ ਨੂੰ ਬੋਲਦੇ ਹਨ ‘ਠੋਕ ਦੋ ਇਨਕੋ’। ਇਸ ਦਾ ਨਤੀਜਾ ਹੈ ਕਿ ਪੁਲਸ ਵਾਲੇ ਸ਼ਰ੍ਹੇਆਮ ਲੋਕਾਂ ਨੂੰ ਗੋਲੀ ਮਾਰ ਰਹੇ ਹਨ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਲੀਗੜ੍ਹ ਮੁਕਾਬਲੇ ਨੂੰ ਲੈ ਕੇ ਪੂਰੇ ਦੇਸ਼ ਨੇ ਭਾਜਪਾ ਸਰਕਾਰ ‘ਤੇ ਸਵਾਲੀਆ ਨਿਸ਼ਾਨ ਲਗਾਇਆ ਹੈ। ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਜਿੰਨੇ ਨੋਟਿਸ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਨੂੰ ਮਿਲੇ ਹਨ। ਉਨੇ ਕਿਸੇ ਸਰਕਾਰ ਨੂੰ ਨਹੀਂ ਮਿਲੇ।