ਮਹਿੰਗਾਈ ਦੀ ਅੱਗ ‘ਚ ਹਰ ਰੋਜ ਤੇਲ ਪਾ ਰਹੀ ਹੈ ਮੋਦੀ ਸਰਕਾਰ : ਆਪ

‘ਆਪ’ ਦੇ ਵਪਾਰ ਤੇ ਉਦਯੋਗ ਵਿੰਗ ਨੇ ਗੈਸ ਅਤੇ ਪੈਟਰੋਲ ਦੀਆਂ ਬੇਕਾਬੂ ਕੀਮਤਾ ਦਾ ਮੁੱਦਾ ਚੁੱਕਿਆ
ਚੰਡੀਗੜ•- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਗੈਸ ਸਿਲੰਡਰਾਂ ਅਤੇ ਡੀਜਲ-ਪੈਟਰੋਲ ਦੀਆਂ ਨਿੱਤ ਵਧ ਰਹੀਆਂ ਕੀਮਤਾਂ ਦਾ ਸਖਤ ਵਿਰੋਧ ਕਰਦੇ ਹੋਏ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ‘ਚ ਮਹਿੰਗਾਈ ਨੂੰ ਵੱਡਾ ਮੁੱਦਾ ਬਣਾਉਣ ਵਾਲਾ ਅਕਾਲੀ-ਭਾਜਪਾ ਗਠਜੋੜ ਸੱਤਾ ‘ਚ ਆਉਣ ਉਪਰੰਤ ਮਹਿੰਗਾਈ ਦੀ ਅੱਗ ‘ਚ ਹਰ ਰੋਜ ਤੇਲ ਪਾ ਰਿਹਾ ਹੈ।
‘ਆਪ’ ਮੁੱਖ ਦਫਤਰ ਵੱਲੋਂ ਜਾਰੀ ਬਿਆਨ ‘ਚ ਪਾਰਟੀ ਦੀ ਵਪਾਰ ਅਤੇ ਉਦਯੋਗ ਵਿੰਗ ਦੀ ਸੂਬਾ ਪ੍ਰਧਾਨ ਨੀਨਾ ਮਿੱਤਲ ਨੇ ਮੋਦੀ ਸਰਕਾਰ ਤੋਂ ਰਸੋਈ ਗੈਸ ਸਿਲਡਰਾਂ ਦੀਆਂ ਕੀਮਤਾਂ ‘ਚ ਕੀਤੇ ਬੇਤਹਾਸਾ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਨੀਨਾ ਮਿੱਤਲ ਨੇ ਕਿਹਾ ਕਿ ਇਕ ਪਾਸੇ ਅਕਾਲੀ-ਭਾਜਪਾ ਦੀ ਕੇਂਦਰ ਸਰਕਾਰ ਗਰੀਬਾਂ ਨੂੰ ਗੈਸ ਸਿਲਡਰਾਂ ਦੇ ਕੁਨੈਕਸ਼ਨ ਵੰਡਣ ਦੀ ਵਡਿਆਈ ਮਾਰ ਰਹੀ ਹੈ, ਦੂਜੇ ਪਾਸੇ ਹਰ ਰੋਜ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ‘ਚ ਵਾਧੇ ਉੱਤੇ ਵਾਧਾ ਕਰਦੀ ਜਾ ਰਹੀ ਹੈ। ਨੀਨਾ ਮਿੱਤਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਅੱਜ ਰਸੋਈ ਗੈਸ ਸਿਲੰਡਰ ‘ਚ ਸਿੱਧਾ 52.50 ਰੁਪਏ ਪ੍ਰਤੀ ਸਿਲੰਡਰ ਵਾਧਾ ਨਿੰਦਣਯੋਗ ਹੈ। ਉਨਾਂ ਕਿਹਾ ਕਿ 2014 ‘ਚ ਜਦ ਮੋਦੀ ਸਰਕਾਰ ਨੇ ਸੱਤਾ ਸੰਭਾਲੀ ਸੀ ਤਾਂ ਉਸ ਸਮੇਂ ਰਸੋਈ ਗੈਸ ਦੀ ਪ੍ਰਤੀ ਸਿਲੰਡਰ ਕੀਮਤ ਸਾਢੇ ਪੰਜ ਸੋ ਰੁਪਏ ਤੋਂ ਵੀ ਥੱਲੇ ਸੀ ਜੋ ਅੱਜ ਕਰੀਬ 900 ਰੁਪਏ ਪ੍ਰਤੀ ਸਿਲੰਡਰ ਤੱਕ ਛੂਹ ਗਈ ਹੈ।
ਨੀਨਾ ਮਿੱਤਲ ਨੇ ਹਾ ਕਿ ਆਮ ਲੋਕਾਂ ਅਤੇ ਗਰੀਬੀ ਰੇਖਾ ਤੋਂ ਵੀ ਥੱਲੇ ਜੀਅ ਰਹੇ ਜਿਨਾਂ ਗਰੀਬਾਂ ਨੂੰ ਗੈਸ ਸਿਲੰਡਰ ਵੰਡਣ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਉਨਾਂ ‘ਚ ਇੰਨਾਂ ਮਹਿੰਗਾ ਸਿਲੰਡਰ ਖਰੀਦਣ ਦੀ ਪਹੁੰਚ ਨਹੀਂ ਹੈ, ਕਿਉਂਕਿ ਮਾਮੂਲੀ ਸਬਸਿਡੀ ਦਾ ਲੋਲੀਪਾਪ ਬਹੁਤ ਦੇਰ ਬਾਅਦ ਉਨਾਂ ਦੇ ਖਾਤਿਆਂ ‘ਚ ਵਾਪਸ ਆਉਣਾ ਹੈ।
ਨੀਨਾ ਮਿੱਤਲ ਨੇ ਕਿਹਾ ਕਿ ਡੀਜਲ 75 ਰੁਪਏ ਪਾਰ ਹੋ ਗਿਆ ਹੈ ਅਤੇ ਪੈਟਰਲ ਪ੍ਰਤੀ ਲੀਟਰ ਸੈਕੜਾਂ ਛੂਹਣ ਜਾ ਰਿਹਾ ਹੈ। ਇਹਨਾਂ ਬੇਕਾਬੂ ਕੀਮਤਾਂ ਨੇ ਹਰ ਵਰਗ ਡੋਬ ਦਿੱਤਾ ਹੈ। ਪੈਟਰੋਲੀਅਮ ਪਦਾਰਥਾਂ ਦੀ ਮਹਿੰਗਾਈ ਅਤੇ ਡਾਲਰ ਮੁਕਾਬਲੇ ਹਰ ਰੋਜ ਕਮਜੋਰ ਪੈ ਰਹੇ ਰੁਪਏ ਨੇ ਗਰੀਬ ਤੋਂ ਲੈ ਕੇ ਵਪਾਰੀਆਂ ਅਤੇ ਉਦਯੋਗਪਤੀਆਂ ਤੱਕ ਦਾ ਜੀਣਾ ਮੁਹਾਲ ਕਰ ਦਿੱਤਾ ਹੈ।