ਨਵੀਂ ਦਿੱਲੀ—ਆਪਣੀਆਂ ਕਈ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਇਕ ਜੱਥਾ 23 ਸਤੰਬਰ ਨੂੰ ਹਰਿਦੁਆਰ ਤੋਂ ਦਿੱਲੀ ਲਈ ਜਾ ਚੁੱਕਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਸ਼ੁਰੂ ਹੋਈ ਇਹ ਯਾਤਰਾ 2 ਅਕਤੂਬਰ ਨੂੰ ਦਿੱਲੀ ਸਥਿਤ ਰਾਜਘਾਟ ‘ਤੇ ਖਤਮ ਹੋਵੇਗੀ।
ਰੈਲੀ ‘ਚ ਸ਼ਾਮਿਲ ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਪੂਰਾ ਕਰਜ਼ਾ ਮੁਆਫ ਕਰੇ ਤੇ ਬਿਜਲੀ ਦੀਆਂ ਵਧਾਈਆਂ ਕੀਮਤਾਂ ਵਾਪਸ ਲਵੇ। ਕਿਸਾਨਾਂ ਦੀ ਪੈਨਸ਼ਨ ਤੇ ਗੰਨੇ ਦਾ ਬਕਾਇਆ ਭੁਗਤਾਨ ਕੀਤਾ ਜਾਵੇ ਤੇ ਜਿਨ੍ਹਾਂ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਉਨ੍ਹਾਂ ਦੇ ਪਰਿਵਾਰਾਂ ਨੂੰ ਨੌਕਰੀ ਤੇ ਮੁੜ ਵਸੇਬੇ ਦੀ ਮੰਗ ਵੀ ਚੁੱਕੀ ਗਈ। 60 ਸਾਲ ਦੀ ਉਮਰ ਦੇ ਬਾਅਦ ਕਿਸਾਨ ਨੂੰ 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਤੇ ਆਵਾਰਾ ਪਸ਼ੂਆਂ ਤੋਂ ਖੇਤੀ ਦੀ ਸੁਰੱਖਿਆ ਲਈ ਉਚਿਤ ਯੋਜਨਾ ਬਣਾਉਣ, ਸਿੰਚਾਈ ਲਈ ਮੁਫਤ ਬਿਜਲੀ ਤੇ ਰਾਜਧਾਨੀ ਦਿੱਲੀ ‘ਚ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ‘ਤੇ ਲੱਗੀ ਰੋਕ ਤੋਂ ਟਰੈਕਟਰ ਤੇ ਖੇਤੀ ਉਪਕਰਨਾਂ ਨੂੰ ਮੁਕਤ ਕਰਨ ਤੇ ਖੇਤੀ ‘ਚ ਪ੍ਰਯੋਗ ਹੋਣ ਵਾਲੀਆਂ ਸਾਰੀਆਂ ਵਸਤਾਂ ਨੂੰ ਜੀ.ਐੱਸ.ਟੀ. ਤੋਂ ਮੁਕਤ ਕਰਨ ਦੀ ਮੰਗ ਮੁੱਖ ਹੈ।