ਲਖਨਊ ਸ਼ੂਟਆਊਟ : ਐਸ.ਆਈ.ਟੀ. ਨੇ ਹਰ ਐਂਗਲ ਤੋਂ ਸ਼ੁਰੂ ਕੀਤੀ ਜਾਂਚ

ਲਖਨਊ – ਐਪਲ ਦੇ ਸੇਲਸ ਮੈਨੇਜਰ ਵਿਵੇਕ ਤਿਵਾਰੀ ਦੇ ਕਤਲ ਮਾਮਲੇ ਵਿਚ ਆਈ.ਜੀ. ਸੁਜੀਤ ਪਾਂਡੇ ਦੀ ਅਗਵਾਈ ਵਿਚ ਬਣਾਈ ਗਈ ਐਸ.ਆਈ.ਟੀ. ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਤਵਾਰ ਦੁਪਹਿਰ ਐਸ.ਆਈ.ਟੀ. ਦੀ ਟੀਮ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚੀ। ਇਥੇ ਘਟਨਾ ਨੂੰ ਨਾਟਕੀ ਤਰੀਕੇ ਨਾਲ ਦੁਬਾਰਾ ਦੁਹਰਾਇਆ ਜਾ ਰਿਹਾ ਹੈ। ਆਈ.ਜੀ. ਨੇ ਦੱਸਿਆ ਕਿ ਕ੍ਰਾਈਮ ਸੀਨ ਏਰੀਆ ਦੀ ਬੈਰੀਕੇਡਿੰਗ ਕਰਕੇ ਟੀਮ ਹਰ ਪਹਿਲੂਆਂ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਘਟਨਾ ਵਾਲੀ ਥਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਇਥੋਂ ਸਾਨੂੰ ਜੋ ਵੀ ਸਬੂਤ ਵਜੋਂ ਚੀਜਾਂ ਮਿਲੀਆਂ ਹਨ, ਅਸੀਂ ਉਸ ਨੂੰ ਇਕੱਠਾ ਕਰ ਰਹੇ ਹਾਂ।
ਉਨ੍ਹਾਂ ਨੇ ਦੱਸਿਆ ਕਿ ਐਸ.ਆਈ.ਟੀ. ਦੇ ਸਹਿਯੋਗ ਲਈ ਅਸੀਂ ਫਾਰੈਂਸਿਕ ਸਾਈਂਸ ਦੇ ਮਾਹਰਾਂ ਨੂੰ ਨਾਲ ਰੱਖਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬੈਲੀਸਟਿਕ ਮਾਹਰ ਦੀ ਵੀ ਸਾਨੂੰ ਕਾਫੀ ਲੋੜ ਪਵੇਗੀ, ਇਸ ਲਈ ਉਨ੍ਹਾਂ ਨੂੰ ਵੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਗੋਲੀ ਕਿਸ ਐਂਗਲ ਤੋਂ ਚੱਲੀ, ਕਿਥੇ ਅਤੇ ਕਿਵੇਂ ਚਲਾਈ ਗਈ। ਇਨ੍ਹਾਂ ਸਵਾਲਾਂ ਦੇ ਜਵਾਬ ਬੈਲੀਸਟਿਕ ਮਾਹਰ ਹੀ ਦੇ ਸਕਦੇ ਹਨ।
ਆਈ.ਜੀ. ਨੇ ਕਿਹਾ ਕਿ ਵਾਰਦਾਤ ਵਿਚ ਸ਼ਾਮਲ ਗੱਡੀਆਂ, ਵਿਵੇਕ ਦੀ ਐਸ.ਯੂ.ਵੀ. ਅਤੇ ਪੁਲਸ ਦੀ ਬਾਈਕ ਦੀ ਵੀ ਜਾਂਚ ਫਾਰੈਂਸਿਕ ਅਤੇ ਬੈਲੀਸਟਿਕ ਮਾਹਰ ਕਰਨਗੇ। ਓਧਰ, ਪੀੜਤ ਪਰਿਵਾਰ ਨਾਲ ਮਿਲਣ ਲਈ ਏ.ਡੀ.ਜੀ. ਲਖਨਊ ਜ਼ੋਨ ਰਾਜੀਵ ਕ੍ਰਿਸ਼ਣ, ਐਸ.ਐਸ.ਪੀ. ਕਲਾਨਿਧੀ ਨੈਥਾਨੀ ਦੇ ਨਾਲ ਵਿਵੇਕ ਦੇ ਘਰ ਪਹੁੰਚੇ। ਉਨ੍ਹਾਂ ਨੇ ਪੀੜਤ ਪਰਿਵਾਰ ਤੋਂ ਘਟਨਾ ਦੇ ਸਬੰਧ ਵਿਚ ਪੂਰੀ ਜਾਣਕਾਰੀ ਲਈ ਅਤੇ ਮਦਦ ਦਾ ਪੂਰਾ ਭਰੋਸਾ ਦਿੱਤਾ।