ਵਿਜੇ ਸਾਂਪਲਾ ਨੇ ਕਿਹਾ – ਕਾਂਗਰਸ ਗਰਮ ਖਿਆਲੀਆਂ ਨਾਲ ਮਿਲ ਕੇ ਖੇਡ ਰਹੀ ਹੈ ਸਿਆਸਤ
ਚੰਡੀਗੜ੍ਹ : ਬੇਅਦਬੀ ਮਾਮਲਿਆਂ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਪੰਜਾਬ ਭਾਜਪਾ ਨੇ ਤਿੱਖਾ ਵਿਰੋਧ ਕੀਤਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਚੰਡੀਗੜ੍ਹ ‘ਚ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਆਪਣੀ ਅਸਫਲਤਾ ਨੂੰ ਦੇਖਦੇ ਹੋਏ ਧਰਮ ਅਤੇ ਜਾਤੀ ਦੀ ਰਾਜਨੀਤੀ ਕੀਤੀ ਹੈ ਤੇ ਉਹ ਅੱਜ ਵੀ ਇਹੋ ਹੀ ਕਰ ਰਹੀ ਹੈ। ਵਿਜੇ ਸਾਂਪਲਾ ਨੇ ਕਿਹਾ ਕਿ ਕਾਂਗਰਸ ਗਰਮਖਿਆਲੀ ਆਗੂਆਂ ਨਾਲ ਮਿਲ ਕੇ ਸਿਆਸਤ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਰਿਪੋਰਟ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਨਹੀਂ ਸਗੋਂ ਸਿਆਸੀ ਪੱਤਾ ਖੇਡਣ ਲਈ ਤਿਆਰ ਕੀਤੀ ਗਈ ਸੀ। ਕਮਲ ਸ਼ਰਮਾ ਨੇ ਕਿਹਾ ਕਿ ਭਾਜਪਾ ਵੀ ਚਾਹੁੰਦੀ ਹੈ ਕਿ ਬੇਅਦਬੀ ਮਾਮਲਿਆਂ ਵਿਚ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ, ਪਰ ਕਾਂਗਰਸ ਗਰਮਖਿਆਲੀਆਂ ਨੂੰ ਖੁਸ਼ ਕਰਨ ਵਿਚ ਲੱਗੀ ਹੋਈ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਵਿਚੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਦੇ ਧੜੇ ਨੇ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਸਾਂਝਾ ਸੰਘਰਸ਼ ਚਲਾਉਣ ਦਾ ਐਲਾਨ ਕੀਤਾ ਹੈ। ਸੁਖਪਾਲ ਖਹਿਰਾ ਨੇ 7 ਅਕਤੂਬਰ ਨੂੰ ਕੋਟਕਪੂਰਾ ਤੋਂ ਬਰਗਾੜੀ ਤੱਕ ਦੇ ਰੋਸ ਮਾਰਚ ਦੀਆਂ ਤਿਆਰੀਆਂ ਲਈ 15 ਮੈਂਬਰੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਹੈ।