ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਉੱਤੇ ਬੇਹੱਦ ਸੰਗੀਨ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਕਾਂਗਰਸ ਸਰਕਾਰ ਨੇ ਅੱਜ ਖ਼ੁਦ ਹੀ ਅਦਾਲਤ ਅੰਦਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੈਪਟਨ ਸਰਕਾਰ ਵੱਲੋਂ ਬੇਅਦਬੀਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਬਾਦਲਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਇਕ ਵਾਰ ਫਿਰ ਤੱਥਾਂ-ਸਬੂਤਾਂ ਸਹਿਤ ਜੱਗ ਜ਼ਾਹਿਰ ਹੋ ਗਈਆਂ ਹਨ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸ਼ੁੱਕਰਵਾਰ, 28 ਸਤੰਬਰ ਨੂੰ ਮਲੇਰਕੋਟਲਾ ਦੇ ਜਰਗ ਚੌਂਕ ‘ਚ ਕੁਰਾਨ-ਏ-ਪਾਕ ਦੀ ਬੇਅਦਬੀ ਨਾਲ ਸੰਬੰਧਿਤ ਕੇਸ ਦੀ ਸੁਣਵਾਈ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਸੰਗਰੂਰ ਦਿਨੇਸ਼ ਕੁਮਾਰ ਦੀ ਅਦਾਲਤ ‘ਚ ਚੱਲ ਰਹੀ ਹੈ। ਅੱਜ ਦੋਸ਼ ਨਿਰਧਾਰਿਤ ਕਰਨ ‘ਤੇ ਬਹਿਸ ਸੀ। ਇਸ ਮੌਕੇ ਇਸ ਮਾਮਲੇ ‘ਚ ਸਹਿ-ਦੋਸ਼ੀ ਬਣਾਏ ਆਮ ਆਦਮੀ ਪਾਰਟੀ ਦੇ ਮਹਿਰੌਲੀ (ਦਿੱਲੀ) ਤੋਂ ਵਿਧਾਇਕ ਨਰੇਸ਼ ਯਾਦਵ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ‘ਤੇ ਆਧਾਰਿਤ ਐਕਸ਼ਨ ਟੇਕਣ ਰਿਪੋਰਟ ‘ਚ ਕੁਰਾਨ-ਏ-ਪਾਕ ਦੀ ਬੇਅਦਬੀ ਸੰਬੰਧੀ 25 ਜੂਨ 2016 ਨੂੰ ਪੁਲਸ ਥਾਣਾ ਸਿਟੀ ਮਲੇਰਕੋਟਲਾ ‘ਚ ਦਰਜ਼ ਐਫਆਈਆਰ ਨੰਬਰ 108 ਬਾਰੇ ਕਮਿਸ਼ਨ ਦੀ ਸਿਫ਼ਾਰਿਸ਼ ਦਾ ਹਵਾਲਾ ਦਿੱਤਾ ਅਤੇ ਜਸਟਿਸ ਰਣਜੀਤ ਸਿੰਘ ਦੀ ਟਿੱਪਣੀ ਮੁਤਾਬਿਕ ਇਸ ਮਾਮਲੇ ਦੇ ਮੁੱਖ ਦੋਸ਼ੀ ਵਿਜੈ ਕੁਮਾਰ ਦੇ ਬੈਂਕ ਖਾਤੇ ‘ਚ ਜਮਾਂ ਹੋਈ ਲੱਖਾਂ ਰੁਪਏ ਦੀ ਭਾਰੀ-ਭਰਕਮ ਰਾਸ਼ੀ ਦੀ ਅਗਲੇਰੀ ਜਾਂਚ ਦੀ ਮੰਗ ਕੀਤੀ। ਨਰੇਸ਼ ਯਾਦਵ ਨੇ ਇਹ ਮੰਗ ਅਦਾਲਤ ਲਿਖਤੀ ਰੂਪ ‘ਚ ਕੀਤੀ ਸੀ, ਪਰੰਤੂ ਸਰਕਾਰ ਵੱਲੋਂ ਪੇਸ਼ ਹੋਏ ਸੰਬੋਧਿਤ ਪੁਲਿਸ ਅਧਿਕਾਰੀਆਂ ਨੇ ਨਰੇਸ਼ ਯਾਦਵ ਦੀ ਮੰਗ ਦਾ ਵਿਰੋਧ ਕਰਦੇ ਹੋਏ ਵਿਜੈ ਕੁਮਾਰ ਦੇ ਖਾਤਿਆਂ ਨੂੰ ਖੰਘਾਲਨ ਦੀ ਜ਼ਰੂਰਤ ਨਹੀਂ ਸਮਝੀ। ਸਰਕਾਰ ਵੱਲੋਂ ਪੇਸ਼ ਹੋਏ ਅਫ਼ਸਰਾਂ ਨੇ ਅਦਾਲਤ ਨੂੰ ਕਿਹਾ ਕਿ ਨਰੇਸ਼ ਯਾਦਵ ਇਹ ਮੰਗ ਹੀ ਨਹੀਂ ਕਰ ਸਕਦਾ, ਜਦਕਿ ਨਰੇਸ਼ ਯਾਦਵ ਨੇ ਇਹ ਮੰਗ ਜਸਟਿਸ ਰਣਜੀਤ ਸਿੰਘ ਨੇ ਇਸ ਮਾਮਲੇ ਨੂੰ ਬਹੁਤ ਹੀ ਸੰਗੀਨ ਕਰਾਰ ਦਿੰਦੇ ਹੋਏ ਡੀਜੀਪੀ ਪੰਜਾਬ ਨੂੰ ਇਸ ਮਾਮਲੇ ਦੀ ਤਹਿ ਤੱਕ ਸਮਾਂਬੱਧ ਜਾਂਚ ਅਤੇ ਅਗਲੇਰੇ ਕਾਨੂੰਨੀ ਕਦਮ ਚੁੱਕਣ ਦੀ ਜ਼ੋਰਦਾਰ ਸਿਫ਼ਾਰਿਸ਼ ਕੀਤੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਉੱਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਇਹ ਪਹਿਲਾ ਅਦਾਲਤੀ ਟਰਾਇਲ ਸੀ, ਜਿਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਅਸਲੀ ਚਿਹਰਾ ਨੰਗਾ ਹੋ ਗਿਆ। ਸਰਕਾਰ ਨੇ ਪਹਿਲੇ ਅਦਾਲਤੀ ਟਰਾਇਲ ‘ਚ ਹੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਰੱਦ ਕਰ ਦਿੱਤਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਮਗਰਮੱਛ ਦੇ ਹੰਝੂ ਵਹਾ ਰਹੀ ਹੈ ਪਰੰਤੂ ਕਾਨੂੰਨ ਦੀ ਕਚਹਿਰੀ ‘ਚ ਬਾਦਲਾਂ ਅਤੇ ਦੂਸਰੇ ਦੋਸ਼ੀਆਂ ਨੂੰ ਕਦਮ ਕਦਮ ‘ਤੇ ਬਚਾ ਰਹੀ ਹੈ। ਚੀਮਾ ਨੇ ਕਿਹਾ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਬਗੈਰ ਹੇਠਲੇ ਪੱਧਰ ਦੇ ਪੁਲਸ ਅਫ਼ਸਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਅਦਾਲਤ ‘ਚ ਰੱਦ ਨਹੀਂ ਕਰਨ ਦੀ ਹਿੰਮਤ ਨਹੀਂ ਕਰ ਸਕਦੇ। ਇਸ ਤੋਂ ਪਹਿਲਾਂ ਵੀ ਬਾਦਲਾਂ ਅਤੇ ਬੇਅਦਬੀ ਨਾਲ ਜੁੜੇ ਦੋ ਮਾਮਲਿਆਂ ਦੀ ਹਾਈ ਕੋਰਟ ‘ਚ ਸੁਣਵਾਈ ਦੌਰਾਨ ਸਰਕਾਰ ਨੇ ਸਰਕਾਰੀ ਪੱਖ ਰੱਖਣ ਲਈ ਵਕੀਲ ਹੀ ਨਹੀਂ ਪੇਸ਼ ਕੀਤੇ।
ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨਾਲ ਪੂਰੀ ਤਰ੍ਹਾਂ ਮਿਲ ਚੁੱਕਾ ਹੈ ਅਤੇ ਬਾਦਲਾਂ ਵਿਰੁੱਧ ਪਹਿਲਾ ਦਰਜ਼ ਸਾਰੇ ਮਾਮਲਿਆਂ ਨੂੰ ਕਾਨੂੰਨੀ ਤੌਰ ‘ਤੇ ਕਮਜ਼ੋਰ ਕਰਵਾਕੇ ਉਨ੍ਹਾਂ ਨੂੰ ਬਰੀ ਕਰਵਾ ਚੁੱਕਾ ਹੈ ਅਤੇ ਹੁਣ ਬੇਅਦਬੀਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਕੇਸਾਂ ਨੂੰ ਕਾਨੂੰਨੀ ਨੁਕਤਿਆਂ ਰਾਹੀਂ ਖ਼ਤਮ ਕਰ ਰਿਹਾ ਹੈ। ਹਰ ਰੋਜ਼ ਸਬੂਤ ਕਮਜ਼ੋਰ ਅਤੇ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਤਾਂ ਕਿ ਹਰ ਹੀਲੇ ਬਾਦਲ ਅਤੇ ਦੂਸਰੇ ਦੋਸ਼ੀਆਂ ਨੂੰ ਬਚਾਇਆ ਜਾ ਸਕੇ।
ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਤਾੜਨਾ ਕੀਤੀ ਕਿ ਜੇਕਰ ਉਹ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਉਣ ਤੋਂ ਬਾਜ਼ ਨਾ ਆਏ ਤਾਂ ਪੰਜਾਬ ਅਤੇ ਦੁਨੀਆ ਭਰ ‘ਚ ਵੱਸਦੇ ਪੰਜਾਬੀਆਂ ਨੇ ਬਾਦਲਾਂ ਵਾਂਗ ਤੁਹਾਨੂੰ (ਕੈਪਟਨ) ਨੂੰ ਵੀ ਕਦੇ ਮੁਆਫ਼ ਨਹੀਂ ਕਰਨਾ।