ਹਰਿਆਣੇ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦਾ ਭਾਵੇਂ ਬਿੱਗ ਬੌਸ ਸ਼ੋਅ (ਸੀਜ਼ਨ 11) ਦਾ ਸਫ਼ਰ ਜ਼ਿਆਦਾ ਵਧੀਆ ਨਾ ਰਿਹਾ ਹੋਵੇ ਪਰ ਬਿੱਗ ਬੌਸ ਦੇ ਘਰ ‘ਚੋਂ ਬਾਹਰ ਆਉਣ ਮਗਰੋਂ ਉਸ ਨੂੰ ਬੌਲੀਵੁਡ ‘ਚ ਐਂਟਰੀ ਮਿਲ ਗਈ ਸੀ। ਹਾਲ ਹੀ ‘ਚ ਸਪਨਾ ਦੇ ਡਾਂਸ ਵਾਲਾ ਇੱਕ ਗੀਤ ਵੀ ਰਿਲੀਜ਼ ਹੋਇਆ ਸੀ ਜਿਸ ਨੂੰ ਉਸ ਦੇ ਫ਼ੈਨਜ਼ ਵਲੋਂ ਖ਼ੂਬ ਪਸੰਦ ਕੀਤਾ ਗਿਆ। ਸਪਨਾ ਬੌਲੀਵੁਡ ਫ਼ਿਲਮ ‘ਚ ਨਾਨੂ ਕੀ ਜਾਨੂ ਅਤੇ ਵੀਰੇ ਕੀ ਵੈਡਿੰਗ ‘ਚ ਸਪੈਸ਼ਲ ਗੀਤ ਵੀ ਕਰ ਚੁੱਕੀ ਹੈ। ਭਾਵੇਂ ਇਹ ਫ਼ਿਲਮਾਂ ਪਰਦੇ ‘ਤੇ ਕੋਈ ਚੰਗੀ ਸਫ਼ਲਤਾ ਪ੍ਰਾਪਤ ਨਹੀਂ ਕਰ ਸਕੀਆਂ ਹੋਣ, ਪਰ ਸਪਨਾ ਦੇ ਡਾਂਸ ਨੂੰ ਸਿਨੇਮਾ ਪ੍ਰੇਮੀਆਂ ਵਲੋਂ ਖ਼ੂਬ ਪਸੰਦ ਕੀਤਾ ਗਿਆ ਸੀ।
ਇਨ੍ਹਾਂ ਦੋਹਾਂ ਫ਼ਿਲਮਾਂ ‘ਚ ਸਿਰਫ਼ ਆਪਣੇ ਡਾਂਸ ਨਾਲ ਹੀ ਦਰਸ਼ਕਾਂ ਨੂੰ ਦੀਵਾਨਾ ਬਣਾਉਣ ਤੋਂ ਬਾਅਦ ਹੁਣ ਉਹ ਬੌਲੀਵੁਡ ਦੀ ਫ਼ਿਲਮ ਦੋਸਤੀ ਕੇ ਸਾਇਡ ਇਫ਼ੈਕਟਸ ‘ਚ ਅਦਾਕਾਰੀ ਕਰਦੀ ਹੋਈ ਵੀ ਨਜ਼ਰ ਆਵੇਗੀ। ਫ਼ਿਲਮ ਦੋਸਤੀ ਕੇ ਸਾਇਡ ਇਫ਼ੈਕਟਸ ‘ਚ ਸਪਨਾ ਚੌਧਰੀ ਦੇ ਨਾਲ ਟੀ.ਵੀ. ਦੇ ਕਈ ਵੱਡੇ ਸਿਤਾਰੇ ਜਿਵੇਂ ਵਿਕਰਾਂਤ ਆਨੰਦ, ਜ਼ੁਬੈਰ ਖ਼ਾਨ ਅਤੇ ਕਸੌਟੀ ਜ਼ਿੰਦਗੀ ਕੀ ਸੀਰੀਅਲ ਤੋਂ ਮਸ਼ਹੂਰ ਹੋਈ ਅਦਾਕਾਰਾ ਅੰਜੂ ਯਾਦਵ, ਆਦਿ ਵੀ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਹਾਦੀ ਅਲੀ ਡਾਇਰੈਕਟ ਕਰ ਰਿਹਾ ਹੈ।
ਸਪਨਾ ਚੌਧਰੀ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ ਅਤੇ ਉਸ ਨੂੰ ਇਸ ਫ਼ਿਲਮ ਤੋਂ ਕਈ ਉਮੀਦਾਂ ਹਨ। ਹਾਲ ਹੀ ‘ਚ ਸਪਨਾ ਚੌਧਰੀ ਨੇ ਆਪਣੇ ਇਨਟਸਾਗ੍ਰਾਮ ‘ਤੇ ਇਸ ਫ਼ਿਲਮ ਨਾਲ ਜੁੜੀ ਜਾਣਕਾਰੀ ਜਨਤਕ ਕੀਤੀ ਅਤੇ ਨਾਲ ਹੀ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਜ਼ਿਕਰਯੋਗ ਹੈ ਕਿ ਸਪਨਾ ਚੌਧਰੀ ਦਾ ਜਨਮ ਹਰਿਆਣਾ ਦੇ ਰੌਹਤਕ ‘ਚ ਹੋਇਆ ਸੀ। ਜਦੋਂ ਉਸ ਦੀ ਉਮਰ 18 ਸਾਲ ਦੀ ਸੀ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਇਸ ਮਗਰੋਂ ਸਪਨਾ ਇੱਕ ਔਰਕੈਸਟਰਾ ਗੁਰੱਪ ਨਾਲ ਜੁੜ ਗਈ। ਸਪਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗੀਤ ‘ਤੇ ਡਾਂਸ ਕਰਨ ਨਾਲ ਕੀਤੀ ਸੀ।