ਨਵੀਂ ਦਿੱਲੀ – ਸ਼੍ਰੀਲੰਕਾ ਕ੍ਰਿਕਟ ਟੀਮ ਦੇ ਖਿਡਾਰੀ ਐਂਜੇਲੋ ਮੈਥਿਊਜ਼ ਨੇ ਉਨ੍ਹਾਂ ਨੂੰ ਵਨ ਡੇ ਟੀਮ ਦੇ ਕਪਤਾਨ ਪਦ ਤੋਂ ਹਟਾਏ ਜਾਣ ‘ਤੇ ਨਿਰਾਸ਼ਾ ਜਾਹਿਰ ਕਰਦੇ ਹੋਏ ਸ਼੍ਰੀਲੰਕਾ ਕ੍ਰਿਕਟ ਬੋਰਡ (ਐੱਸ.ਐੱਲ.ਸੀ.) ਨੂੰ ਪੱਤਰ ਲਿਖਿਆ ਹੈ। ਮੈਥਿਊਜ਼ ਨੇ ਮੁਤਾਬਿਕ, ਏਸ਼ੀਆ ਕੱਪ ‘ਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਦੇ ਮਾਮਲੇ ‘ਚ ਉਨ੍ਹਾਂ ਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਏਸ਼ੀਆ ਕੱਪ ‘ਚ ਸ਼੍ਰੀਲੰਕਾ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਮੈਥਿਊਜ਼ ਨੂੰ ਵਨ ਡੇ ਟੀਮ ਦੇ ਕਪਤਾਨ ਦੇ ਪਦ ਤੋਂ ਹਟਾ ਦਿੱਤਾ ਗਿਆ ਹੈ ਅਤੇ ਦਿਨੇਸ਼ ਚੰਡੀਮਲ ਨੂੰ ਟੀਮ ਦੀ ਕਮਾਨ ਸੌਂਪੀ ਗਈ।
ਨਾਰਾਜ਼ ਮੈਥਿਊਜ਼ ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ‘ਚ ਉਨ੍ਹਾਂ ਨੇ ਲਿਖਿਆ ਹੈ। ”ਸ਼ੁੱਕਰਵਾਰ ਨੂੰ ਹੋਈ ਐੱਸ.ਐੱਲ.ਸੀ. ਅਤੇ ਕੋਚਾਂ ਦੀ ਬੈਠਕ ਤੋਂ ਬਾਅਦ ਮੈਨੂੰ ਵਨ ਡੇ ਅਤੇ ਟੀ-20 ਟੀਮਾਂ ਦੇ ਕਪਤਾਨ ਪਦ ਤੋਂ ਹੱਟਣ ਲਈ ਕਿਹਾ ਗਿਆ। ਮੈਂ ਪਹਿਲਾਂ ਬਹੁਤ ਹੈਰਾਨ ਹੋਇਆ ਅਤੇ ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਏਸ਼ੀਆ ਕੱਪ ‘ਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਦੇ ਮਾਮਲੇ ‘ਚ ਮੈਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ।”
ਇਸ ਤੋਂ ਇਲਾਵਾ ਮੈਥਿਊਜ਼ ਨੇ ਪੱਤਰ ਲਿਖਿਆ, ”ਮੈਂ ਏਸ਼ੀਆ ਕੱਪ ‘ਚ ਅਫ਼ਗ਼ਾਨਿਸਤਾਨ ਅਤੇ ਬੰਗਲਾਦੇਸ਼ ਖ਼ਿਲਾਫ਼ ਮਿਲੀ ਹਾਰ ਦਾ ਜ਼ਿੰਮਾ ਉਠਾਉਣ ਲਈ ਤਿਆਰ ਹਾਂ, ਪਰ ਮੈਨੂੰ ਅਜਿਹਾ ਲੱਗ ਰਿਹਾ ਹੈ ਕਿ ਮੇਰੇ ਨਾਲ ਧੋਖਾ ਹੋਇਆ ਹੈ ਅਤੇ ਪੂਰਾ ਦੋਸ਼ ਮੇਰੇ ‘ਤੇ ਸੁੱਟਿਆ ਜਾ ਰਿਹਾ ਹੈ। ਸਾਰੇ ਫ਼ੈਸਲੇ ਚੋਣਕਰਤਾਵਾਂ ਅਤੇ ਮੁੱਖ ਕੋਚ ਵਿਚਕਾਰ ਆਪਸੀ ਸਹਿਮਤੀ ਨਾਲ ਲਏ ਗਏ।” ਉਸ ਨੇ ਕਿਹਾ, ”ਐੱਸ.ਐੱਲ.ਸੀ. ਵਲੋਂ ਦਿੱਤੇ ਗਏ ਕਾਰਨ ਨਾਲ ਮੈਂ ਸਹਿਮਤ ਨਹੀਂ। ਹਾਲਾਂਕਿ, ਮੈਂ ਚੋਣ ਸਮਿਤੀ ਦਾ ਸਨਮਾਨ ਕਰਦਾ ਹਾਂ।”
—