ਵਿਰਾਟ ਤੇ ਮੀਰਾਬਾਈ ਨੂੰ ਖੇਲ ਰਤਨ, 20 ਖਿਡਾਰੀਆਂ ਨੂੰ ਅਰਜਨ ਪੁਰਸਕਾਰ

ਨਵੀਂ ਦਿੱਲੀ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨ ਮਹਿਲਾ ਵੇਟਲਿਫ਼ਟਰ ਮੀਰਾਬਾਈ ਚਾਨੂ ਨੂੰ ਰਸ਼ਟਰਪਤੀ ਭਵਨ ਵਿੱਚ ਕਰਵਾਏ ਗਏ ਇੱਕ ਕੌਮੀ ਖੇਡ ਪੁਰਸਕਾਰ ਸਮਾਰੋਹ ਦੌਰਾਨ ਦੇਸ਼ ਦੇ ਸਰਵੋਤਮ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਅਤੇ 20 ਖਿਡਾਰੀਆਂ ਨੂੰ ਅਰਜਨ ਪੁਰਸਕਾਰ ਨਾਲ ਸਨਮਾਨਤ ਕੀਤਾ। ਏਸ਼ਿਆਈ ਖੇਡਾਂ ਕਾਰਨ ਕੌਮੀ ਖੇਡ ਪੁਰਸਕਾਰ ਸਮਾਰੋਹ ਨੂੰ ਇਸ ਵਾਰ ਉਸ ਦੇ ਤੈਅ ਦਿਨ 29 ਅਗਸਤ ਤੋਂ ਅੱਗੇ ਵਧਾ ਕੇ 25 ਸਤੰਬਰ ਕੀਤਾ ਗਿਆ ਸੀ। ਅੱਜ ਸਮਾਰੋਹ ਦੌਰਾਨ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਵੀ ਮੌਜੂਦ ਸਨ।
ਰਾਸ਼ਟਰਪਤੀ ਹੱਥੋਂ ਖੇਲ ਰਤਨ ਪ੍ਰਾਪਤ ਕਰਨ ਦੇ ਨਾਲ ਹੀ ਵਿਰਾਟ ਸਚਿਨ ਤੇਂਦੁਲਕਰ (1997) ਅਤੇ ਮਹਿੰਦਰ ਸਿੰਘ ਧੋਨੀ (2007) ਮਗਰੋਂ ਇਹ ਸਨਮਾਨ ਹਾਸਿਲ ਕਰਨ ਵਾਲਾ ਤੀਜਾ ਕ੍ਰਿਕਟਰ ਬਣ ਗਿਆ ਹੈ। ਭਾਰਤੀ ਕਪਤਾਨ ਵਿਰਾਟ ਦਾ ਨਾਮ 2016 ਵਿੱਚ ਵੀ ਵਿਚਾਰਿਆ ਗਿਆ ਸੀ, ਪਰ ਉਸ ਵਕਤ ਉਸ ਦੀ ਚੋਣ ਨਹੀਂ ਸੀ ਹੋਈ। ਇਸ ਮੌਕੇ ਵਿਰਾਟ ਦੀ ਪਤਨੀ ਅਤੇ ਬੌਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਮੌਜੂਦ ਸੀ ਜੋ ਮੋਹਰੀ ਕਤਾਰ ਵਿੱਚ ਬੈਠੀ ਸੀ। ਬੀਤੇ ਸਾਲ ਵੇਟਲਿਫ਼ਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ 48 ਕਿੱਲੋ ਵਰਗ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ 24 ਸਾਲਾ ਮੀਰਾਬਾਈ ਚਾਨੂ ਨੂੰ ਵੀ ਖੇਲ ਰਤਨ ਪੁਰਸਕਾਰ ਦਿੱਤਾ ਗਿਆ। ਮੀਰਾਬਾਈ ਨੇ ਇਸ ਸਾਲ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ। ਹਾਲਾਂਕਿ ਸੱਟ ਕਾਰਨ ਉਹ 18ਵੀਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕੀ।
ਰਾਸ਼ਟਰਮੰਡਲ ਅਤੇ ਏਸ਼ਿਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕਈ ਖਿਡਾਰੀਆਂ ਨੂੰ ਇਸ ਵਾਰ ਅਰਜਨ ਪੁਰਸਕਾਰ ਲਈ ਚੁਣਿਆ ਗਿਆ। ਏਸ਼ਿਆਈ ਖੇਡਾਂ ਵਿੱਚ ਭਾਰਤੀ ਝੰਡਾਬਰਦਾਰ ਅਤੇ ਜੈਵਲਿਨ ਐਥਲੀਟ ਨੀਰਜ ਚੋਪੜਾ ਅਤੇ ਦੋਹਾਂ ਟੂਰਨਾਮੈਂਟਾਂ ਵਿੱਚ ਕੁੱਲ ਪੰਜ ਤਗ਼ਮੇ ਜਿੱਤਣ ਵਾਲੀ ਟੇਬਲ ਟੈਨਿਸ ਖਿਡਾਰਨ ਮਨਿਕਾ ਬਤਰਾ ਸਣੇ 20 ਖਿਡਾਰੀਆਂ ਨੂੰ ਅਰਜਨ ਪੁਰਸਕਾਰ ਦਿੱਤਾ ਗਿਆ। ਪੁਰਸਕਾਰ ਸਮਾਰੋਹ ਦੌਰਾਨ ਜਦੋਂ ਪੈਰਾ ਐਥਲੀਟ ਅੰਕੁਰਾ ਧਾਮਾ ਅਤੇ ਮਨੋਜ ਸਰਕਾਰ (ਪੈਰਾ ਬੈਡਮਿੰਟਨ) ਨੇ ਰਾਸ਼ਟਰਪਤੀ ਕੋਲੋਂ ਸਨਮਾਨ ਪ੍ਰਾਪਤ ਕੀਤਾ ਤਾਂ ਪੂਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ। ਹਾਲ ਹੀ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਡਬਲ ਟਰੈਪ ਨਿਸ਼ਾਨੇਬਾਜ਼ ਅੰਕੁਰ ਮਿੱਤਲ, ਟੈਨਿਸ ਸਟਾਰ ਰੋਹਨ ਬੋਪੰਨਾ ਅਤੇ ਗੌਲਫ਼ਰ ਸ਼ੁਭੰਕਰ ਸ਼ਰਮਾ ਵੀ ਅਰਜਨ ਪੁਰਸਕਾਰ ਜੇਤੂਆਂ ਵਿੱਚ ਸ਼ਾਮਿਲ ਸਨ। ਕੌਮਾਂਤਰੀ ਟੂਰਨਾਮੈਂਟ ਦੇ ਰੁਝੇਵੇਂ ਕਾਰਨ ਬੋਪੰਨਾ ਸਮਾਰੋਹ ਵਿੱਚ ਸ਼ਾਮਿਲ ਨਹੀਂ ਹੋ ਸਕਿਆ। ਰਾਸ਼ਟਰਪਤੀ ਨੇ ਇਸ ਤੋਂ ਇਲਾਵਾ ਦਰੋਣਾਚਾਰੀਆ ਅਤੇ ਧਿਆਨਚੰਦ ਪੁਰਸਕਾਰ, ਕੌਮੀ ਖੇਡ ਹੌਸਲਾ ਵਧਾਊ ਪੁਰਸਕਾਰ, ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫ਼ੀ ਅਤੇ ਤੇਨਜਿੰਗ ਨੋਰਗੇ ਕੌਮੀ ਬਹਾਦਰੀ ਪੁਰਸਕਾਰ ਵੀ ਦਿੱਤੇ। ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਤਗ਼ਮਾ ਅਤੇ ਪ੍ਰਸ਼ੰਸਾ ਪੱਤਰ ਤੋਂ ਇਲਾਵਾ ਸਾਢੇ ਸੱਤ ਲੱਖ ਰੁਪਏ ਦਾ ਨਕਦ ਪੁਰਸਕਾਰ ਵੀ ਦਿੱਤਾ ਗਿਆ। ਅਰਜਨ, ਦਰੋਣਾਚਾਰੀਆ ਅਤੇ ਧਿਆਨਚੰਦ ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਟਰੌਫ਼ੀਆਂ, ਸਰਟੀਫ਼ਿਕੇਟ ਅਤੇ ਪੰਜ ਲੱਖ ਰੁਪਏ ਦੇ ਨਕਦ ਪੁਰਸਕਾਰ ਦਿੱਤੇ ਗਏ।
ਕੌਮੀ ਖੇਡ ਹੌਸਲਾ ਵਧਾਊ ਪੁਰਸਕਾਰ-2018 ਤਹਿਤ ਕੰਪਨੀਆਂ ਨੂੰ ਇੱਕ ਟਰੌਫ਼ੀ ਅਤੇ ਸਰਟੀਫ਼ਿਕੇਟ ਦਿੱਤਾ ਗਿਆ। ਅੰਤਰ-ਯੂਨੀਵਰਿਸਟੀ ਟੂਰਨਾਮੈਂਟ ਵਿੱਚ ਚੋਟੀ ਦਾ ਪ੍ਰਦਰਸ਼ਨ ਕਰਨ ਲਈ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰੌਫ਼ੀ 2017-18 ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੂੰ ਦਿੱਤੀ ਗਈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਾਕਾ ਟਰੌਫ਼ੀ ਤੋਂ ਇਲਾਵਾ ਦਸ ਲੱਖ ਰੁਪਏ ਦਾ ਪੁਰਸਕਾਰ ਅਤੇ ਸਰਟੀਫ਼ਿਕੇਟ ਵੀ ਦਿੱਤਾ ਗਿਆ।