ਨਵੀਂ ਦਿੱਲੀ – ਪਾਕਿਸਤਾਨ ਦੇ ਜਿਸ ਤੇਜ਼ ਗੇਂਦਬਾਜ਼ ਨੇ ਚੈਂਪੀਅਨਜ਼ ਟ੍ਰਾਫ਼ੀ ਦੇ ਫ਼ਾਈਨਲ ‘ਚ ਭਾਰਤ ਦੀ ਹਾਰ ਦੀ ਸਕਰਿਪਟ ਲਿਖ ਦਿੱਤੀ ਸੀ, ਅਤੇ ਅੱਜ ਉਸੇ ਰਫ਼ਤਾਰ ਦੇ ਸੌਦਾਗਰ ਦਾ ਕਰੀਅਰ ਦੁਰਘਟਨਾ ਦਾ ਸ਼ਿਕਾਰ ਹੁੰਦਾ ਦਿਖ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਮੁਹੰਮਦ ਆਮਿਰ ਦੀ ਜਿਸ ਦਾ ਸਿਲਸਿਲੇਵਾਰ ਖ਼ਰਾਬ ਪ੍ਰਦਰਸ਼ਨ ਉਸ ਦੇ ਕਰੀਅਰ ਲਈ ਖ਼ਤਰਾ ਬਣ ਚੁੱਕਾ ਹੈ। ਹੁਣ ਪਾਕਿਸਤਾਨੀ ਮੀਡੀਆ ‘ਚ ਇਹ ਚਰਚਾ ਹੈ ਕਿ ਆਮਿਰ ਨੂੰ ਟੀਮ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ।
ਦਰਅਸਲ, ਮੁਹੰਮਦ ਆਮਿਰ ਨੇ ਚੈਂਪੀਅਨਜ਼ ਟ੍ਰੌਫ਼ੀ ਫ਼ਾਈਨਲ ਤੋਂ ਬਾਅਦ 10 ਮੈਚਾਂ ‘ਚ ਸਿਰਫ਼ 3 ਹੀ ਵਿਕਟਾਂ ਲਈਆਂ ਹਨ, ਅਤੇ ਉਸ ਦਾ ਗੇਂਦਬਾਜ਼ੀ ਔਸਤ 100 ਦੇ ਪਾਰ (100.66) ਜਾ ਚੁੱਕਾ ਹੈ। ਨਾਲ ਹੀ ਉਸ ਦਾ ਸਟ੍ਰਾਇਕ ਰੇਟ 140 ਤਕ ਪਹੁੰਚ ਗਿਆ ਹੈ। ਇਹ ਅੰਕੜੇ ਕਿਸੇ ਪਾਰਟ ਟਾਈਮ ਗੇਂਦਬਾਜ਼ ਲਈ ਵੀ ਬਹੁਤ ਖ਼ਰਾਬ ਹਨ, ਆਮਿਰ ਤਾਂ ਫ਼ਿਰ ਵੀ ਪਾਕਿਸਤਾਨ ਦਾ ਸਟ੍ਰਾਈਕ ਗੇਂਦਬਾਜ਼ ਹੈ। ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਆਮਿਰ ਨੂੰ ਵਿਕਟਾਂ ਲਏ ਹੋਏ 5 ਮੈਚ ਬੀਤ ਚੁੱਕੇ ਹਨ। ਪਿਛਲੇ 35 ਓਵਰ ਯਾਨੀ 210 ਗੇਂਦਾਂ ਨਾਲ ਉਸ ਨੂੰ ਇੱਕ ਵੀ ਵਿਕਟ ਨਹੀਂ ਮਿਲਿਆ। ਆਮਿਰ ਨੂੰ ਆਪਣਾ ਆਖ਼ਰੀ ਵਨ ਡੇ ਵਿਕਟ ਜਿੰਮਬਾਵੇ ਖ਼ਿਲਾਫ਼ ਬੁਲਵਾਓ ‘ਚ ਮਿਲਿਆ ਸੀ। ਅਜਿਹੇ ਵਿੱਚ ਉਸ ਉੱਪਰ ਸਵਾਲ ਉਠਣੇ ਲਜ਼ਾਮੀ ਹਨ।
ਮੁਹੰਮਦ ਆਮੀਰ ਤੋਂ ਪਾਕਿਸਤਾਨ ਟੀਮ ਦਾ ਭਰੌਸਾ ਵੀ ਉੱਠ ਰਿਹਾ ਹੈ। ਪਿਛਲੇ 11 ਮੁਕਾਬਲਿਆਂ ਤੋਂ ਆਮਿਰ ਨੇ ਆਪਣਾ 10 ਓਵਰਾਂ ਦਾ ਕੋਟਾ ਵੀ ਪੂਰਾ ਨਹੀਂ ਕੀਤਾ। ਆਮੀਰ ਨੇ ਆਖ਼ਰੀ ਵਾਰ ਚੈਂਪੀਅਨਜ਼ ਟ੍ਰੌਫ਼ੀ ‘ਚ ਸ਼੍ਰੀਲੰਕਾ ਖ਼ਿਲਾਫ਼ ਪੂਰੇ 10 ਓਵਰ ਕਰਾਏ ਸਨ। ਹਾਲ ਹੀ ‘ਚ ਏਸ਼ੀਆ ਕੱਪ ‘ਚ ਅਫ਼ਗ਼ਾਨਿਸਤਾਨ ਖ਼ਿਲਾਫ਼ ਹੋਏ ਮੁਕਾਬਲੇ ਦੌਰਾਨ ਆਮਿਰ ਨੂੰ ਪਲੇਇੰਗ ਇਲੈਵਨ ‘ਚੋਂ ਬਾਹਰ ਕਰ ਦਿੱਤਾ ਗਿਆ ਸੀ। ਆਮਿਰ ਦੀ ਜਗ੍ਹਾ ਸ਼ਾਹੀਨ ਸਾਹ ਨੂੰ ਮੌਕਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਆਮਿਰ ਨੂੰ ਟੀਮ ਇੰਡੀਆ ਖ਼ਿਲਾਫ਼ ਸੁਪਰ 4 ਮੈਚਾਂ ‘ਚ ਮੌਕਾ ਦਿੱਤਾ ਗਿਆ ਸੀ, ਅਤੇ ਉਹ ਇੱਕ ਵਾਰ ਫ਼ਿਰ ਅਸਫ਼ਲ ਸਾਬਿਤ ਹੋਇਆ। ਅਜਿਹੇ ‘ਚ ਹੁਣ ਅਜਿਹਾ ਲੱਗ ਰਿਹੈ ਕਿ ਜਲਦ ਹੀ ਆਮਿਰ ਦੀ ਪਾਕਿਸਤਾਨ ਦੀ ਟੀਮ ਤੋਂ ਛੁੱਟੀ ਹੋਣ ਵਾਲੀ ਹੈ