ਬੌਲੀਵੁਡ ਅਭਿਨੇਤਰੀ ਆਲੀਆ ਭੱਟ ਸਿਲਵਰ ਸਕ੍ਰੀਨ ‘ਤੇ ਮਾਧੁਰੀ ਦੀਕਸ਼ਿਤ ਨੂੰ ਡਾਂਸ ‘ਚ ਟੱਕਰ ਦੇਣ ਲਈ ਇਨ੍ਹੀਂ ਦਿਨੀਂ ਕੱਥਕ ਨ੍ਰਿਤ ਸਿੱਖ ਰਹੀ ਹੈ। ਫ਼ਿਲਮਸਾਜ਼ ਕਰਨ ਜੌਹਰ ਆਪਣੀ ਅਗਲੀ ਫ਼ਿਲਮ ਕਲੰਕ ਬਣਾ ਰਿਹਾ ਹੈ। ਇਸ ਫ਼ਿਲਮ ਵਿੱਚ ਮਾਧੁਰੀ ਦੀਕਸ਼ਿਤ, ਵਰੁਣ ਧਵਨ, ਸੋਨਾਕਸ਼ੀ ਸਿਨਹਾ ਅਤੇ ਆਲੀਆ ਭੱਟ ਵਰਗੇ ਸਿਤਾਰੇ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਇਸੇ ਫ਼ਿਲਮ ਲਈ ਆਲੀਆ ਭੱਟ ਕਥਕ ਡਾਂਸ ਦੀ ਟ੍ਰੇਨਿੰਗ ਲੈ ਰਹੀ ਹੈ। ਫ਼ਿਲਮ ‘ਚ ਮਾਧੁਰੀ ਅਤੇ ਆਲੀਆ ਦਾ ਇੱਕ ਡਾਂਸ ਸ਼ੂਟ ਹੋਣ ਵਾਲਾ ਹੈ। ਇਸ ਸ਼ੂਟ ਲਈ ਫ਼ਿਲਮ ਦੀ ਟੀਮ ਸਭ ਕੁੱਝ ਪਰਫ਼ੈਕਟ ਕਰਨ ‘ਚ ਲੱਗੀ ਹੋਈ ਹੈ। ਇਹ ਇੱਕ ਕਲਾਸੀਕਲ ਗੀਤ ਹੋਵੇਗਾ ਜਿਸ ਵਿੱਚ ਪੁਰਾਣੇ ਸਮਿਆਂ ਦੀ ਝਲਕ ਹੋਵੇਗੀ। ਮਾਧੁਰੀ ਦੀਕਸ਼ਿਤ ਨੂੰ ਕੱਥਕ ਡਾਂਸ ‘ਚ ਟੱਕਰ ਦੇਣ ਲਈ ਆਲੀਆ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਦੱਸ ਦੇਈਏ ਕਿ ਆਲੀਆ ਨੇ ਇਸ ਤੋਂ ਪਹਿਲਾਂ ਕਦੇ ਕਿਸੇ ਫ਼ਿਲਮ ‘ਚ ਕੱਥਕ ਡਾਂਸ ਨਹੀਂ ਕੀਤਾ। ਆਲੀਆ ਭੱਟ ਨੇ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਕੱਥਕ ਦੀ ਤਿਆਰੀ ਸ਼ੁਰੂ ਕੀਤੀ ਹੋਈ ਹੈ, ਅਤੇ ਉਹ ਪੂਰੀ ਮਿਹਨਤ ਨਾਲ ਇਸ ‘ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਹਰ ਰੋਜ਼ ਚੰਗਾ ਅਭਿਆਸ ਕਰਦੀ ਹੈ। ਆਲੀਆ ਆਪਣੇ ਬੌਲੀਵੁਡ ਕਿਰਦਾਰ ਨੂੰ ਹੋਰ ਮਜ਼ਬੂਤ ਕਰਨ ਲਈ ਵੀ ਇਸ ਡਾਂਸ ਗੀਤ ‘ਚ ਜ਼ਿਆਦਾ ਦਿਲਚਸਪੀ ਲੈ ਰਹੀ ਹੈ। ਖ਼ੈਰ, ਆਲੀਆ ਅਤੇ ਮਾਧੁਰੀ ਦਾ ਇਹ ਡਾਂਸ ਵੇਖਣ ਵਾਲਾ ਹੋਵੇਗਾ। ਸਿਨੇਮਾ ਪ੍ਰੇਮੀ ਵੀ ਇਸ ਗੀਤ ਦਾ ਇੰਤਜ਼ਾਰ ਬੇਸਬਰੀ ਨਾਲ ਕਰ ਰਹੇ ਹਨ। ਇਸ ਫ਼ਿਲਮ ਤੋਂ ਇਲਾਵਾ ਅੱਜ ਕੱਲ੍ਹ ਆਲੀਆ ਭੱਟ ਅਦਾਕਾਰ ਰਣਬੀਰ ਕਪੂਰ ਨਾਲ ਫ਼ਿਲਮ ਬ੍ਰਹਮਾਸਤਰ ਵੀ ਕਰ ਰਹੀ ਹੈ। ਇਸ ਫ਼ਿਲਮ ਦੇ ਨਾਲ ਨਾਲ, ਆਲੀਆ ਅਤੇ ਰਣਬੀਰ ਕਪੂਰ ਆਪਣੇ ਨਿੱਜੀ ਰਿਸ਼ਤਿਆਂ ਕਾਰਨ ਵੀ ਇਨ੍ਹੀਂ ਦਿਨੀਂ ਖ਼ੂਬ ਚਰਚਾ ‘ਚ ਚੱਲ ਰਹੇ ਹਨ।