ਮਹਿਲਾ ਨੂੰ ਗੱਡੀ ਦੀ ਛੱਤ ‘ਤੇ ਬਿਠਾਉਣ ਵਾਲੀ ਪੁਲਸ ਖਿਲਾਫ ਪਰਿਵਾਰ ਦਾ ਧਰਨਾ

ਅੰਮ੍ਰਿਤਸਰ : ਇੱਥੋਂ ਦੇ ਹਲਕਾ ਮਜੀਠਾ ‘ਚ ਜਿਸ ਮਹਿਲਾ ਨੂੰ ਕਾਰ ਦੀ ਛੱਤ ਤੋਂ ਹੇਠਾਂ ਸੁੱਟਿਆ ਗਿਆ ਸੀ, ਅੱਜ ਉਸ ਮਾਮਲੇ ‘ਚ ਇਕ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ‘ਚ ਹੁਣ ਪੁਲਸ ਨੇ ਦੋਸ਼ੀਆਂ ‘ਤੇ ਕਾਰਵਾਈ ਕਰਨ ਦੀ ਬਜਾਏ ਉਸ ਪਰਿਵਾਰ ‘ਤੇ ਹੀ ਮਾਮਲਾ ਦਰਜ ਕਰ ਦਿੱਤਾ ਹੈ। ਗੁੱਸੇ ‘ਚ ਆਏ ਪਰਿਵਾਰ ਨੇ ਥਾਣੇ ਦੇ ਬਾਹਰ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕ੍ਰਾਈਮ ਵਿੰਗ ਅੰਮ੍ਰਿਤਸਰ ਦੀ ਟੀਮ ਵੱਲੋਂ ਪਿੰਡ ਸ਼ਹਿਜਾਦਾ ਵਿਖੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਕੀਤੀ ਗਈ ਛਾਪੇਮਾਰੀ ‘ਚ ਪੁਲਸ ਦਾ ਘਿਨਾਉਣਾ ਚਿਹਰਾ ਉਸ ਸਮੇਂ ਸਾਹਮਣੇ ਆਇਆ ਸੀ ਜਦ ਵਿਅਕਤੀ ਦੇ ਘਰ ਨਾ ਮਿਲਣ ‘ਤੇ ਪੁਲਸ ਨੇ ਘਰ ਦੀ ਔਰਤ ਨੂੰ ਜੀਪ ਦੀ ਛੱਤ ‘ਤੇ ਬਿਠਾ ਲਿਆ ਅਤੇ ਸਾਰੇ ਪਿੰਡ ‘ਚ ਘੁਮਾ ਕੇ ਜ਼ਲੀਲ ਕੀਤਾ ਸੀ ।
ਇਸ ਮੌਕੇ ਪੀੜਤ ਔਰਤ ਜਸਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਸ਼ਹਿਜਾਦਾ ਨੇ ਦੱਸਿਆ ਸੀ ਕਿ 22 ਸਤੰਬਰ ਨੂੰ ਪੁਲਸ ਮੇਰੇ ਪਤੀ ਨੂੰ ਜ਼ਬਰਦਸਤੀ ਬਿਨਾਂ ਕਿਸੇ ਕਸੂਰ ਦੇ ਚੁੱਕਣ ਲਈ ਘਰ ‘ਚ ਦਾਖਲ ਹੋ ਗਈ ਸੀ, ਜਿਸ ‘ਤੇ ਅਸੀਂ ਉਸ ਦਾ ਵਿਰੋਧ ਕੀਤਾ ਤਾਂ ਇਨ੍ਹਾਂ ਪੁਲਸ ਅਧਿਕਾਰੀਆਂ ਵੱਲੋਂ ਸਾਡੀ (ਔਰਤਾਂ) ਦੀ ਕੁੱਟ-ਮਾਰ ਕੀਤੀ ਗਈ ਸੀ, ਜਿਸ ਦੀ ਦਰਖਾਸਤ ਪੁਲਸ ਵਿਭਾਗ ਦੇ ਅਧਿਕਾਰੀਆਂ ਨੂੰ ਲਿਖਤੀ ਤੌਰ ‘ਤੇ ਦਿੱਤੀ ਗਈ ਹੈ ਪਰ ਬੀਤੇ ਦਿਨੀਂ ਦੁਬਾਰਾ ਫਿਰ ਉਕਤ ਕ੍ਰਾਈਮ ਵਿਭਾਗ ਦੀ ਟੀਮ ਸਾਡੇ ਘਰ ‘ਚ ਜ਼ਬਰਦਸਤੀ ਦਾਖਲ ਹੋ ਗਈ, ਜਿਸ ‘ਤੇ ਸਾਡੇ ਵੱਲੋਂ ਇਨ੍ਹਾਂ ਨੂੰ ਪੁੱਛਿਆ ਗਿਆ ਤੁਸੀਂ ਕਿਸ ਕੇਸ ‘ਚ ਆਏ ਤਾਂ ਇਨ੍ਹਾਂ ਨੇ ਮੈਨੂੰ ਜ਼ਬਰਦਸਤੀ ਫੜ ਲਿਆ ਜਦਕਿ ਇਨ੍ਹਾਂ ਦੇ ਨਾਲ ਕੋਈ ਵੀ ਮਹਿਲਾ ਪੁਲਸ ਮੁਲਾਜ਼ਮ ਨਹੀਂ ਸੀ।