ਕੁੱਝ ਦਿਨ ਪਹਿਲਾਂ ਰਿਲੀਜ਼ ਹੋਈ ਹਾਰਰ ਕੌਮੇਡੀ ਫ਼ਿਲਮ ਇਸਤਰੀ ‘ਚ ਪ੍ਰੇਤ ਆਤਮਾ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਫ਼ਲੋਰਾ ਸੈਣੀ ਦਾ ਕਹਿਣਾ ਹੈ ਕਿ ਉਹ ਮਲਿਆਲਮ ਅਦਾਕਾਰ ਦੁਲਕੇਰ ਸਲਮਾਨ ਨਾਲ ਫ਼ਿਲਮ ਕਰਨ ਦੀ ਚਾਹਵਾਨ ਹੈ। ਫ਼ਲੋਰਾ ਅਨੁਸਾਰ ਸਲਮਾਨ ਨਾਲ ਕੰਮ ਕਰਨਾ ਉਸ ਦੀਆਂ ਇੱਛਾਵਾਂ ਦੀ ਸੂਚੀ ਵਿੱਚ ਸਭ ਤੋਂ ਪਹਿਲੇ ਸਥਾਨ ‘ਤੇ ਹੈ। ਹੁਣ ਤਕ ਹਿੰਦੀ ਫ਼ਿਲਮਾਂ ਤੋਂ ਇਲਾਵਾ ਸੈਣੀ ਕੰਨੜ, ਤੇਲਗੂ ਅਤੇ ਤਮਿਲ ਫ਼ਿਲਮਾਂ ‘ਚ ਕਈ ਤਰ੍ਹਾਂ ਦੇ ਕਿਰਦਾਰ ਨਿਭਾ ਚੁੱਕੀ ਹੈ, ਪਰ ਉਸ ਨੇ ਹੁਣ ਤਕ ਮਲਿਆਲਮ ਸਿਨੇਮਾ ‘ਚ ਕੋਈ ਫ਼ਿਲਮ ਨਹੀਂ ਕੀਤੀ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਮਲਿਆਲਮ ਸਿਨੇਮਾ ‘ਚ ਆਪਣੀ ਸ਼ੁਰੂਆਤ ਕਰਨ ਦੀ ਰੁਚੀ ਰੱਖਦੀ ਹੈ ਤਾਂ ਜਵਾਬ ਵਿੱਚ ਫ਼ਲੋਰਾ ਨੇ ਕਿਹਾ ਕਿ ਉਸ ਨੇ ਅਜੇ ਤਕ ਕੋਈ ਮਲਿਆਲਮ ਫ਼ਿਲਮ ਨਹੀਂ ਕੀਤੀ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਫ਼ਿਲਮ ਕਰਨੀ ਨਹੀਂ ਚਾਹੁੰਦੀ। ”ਦਰਅਸਲ, ਮੈਨੂੰ ਕਦੇ ਇਸ ਬਾਰੇ ਮੌਕਾ ਹੀ ਨਹੀਂ ਮਿਲਿਆ। ਇੱਕ-ਦੋ ਵਾਰ ਮਿਲਿਆ ਸੀ, ਪਰ ਕਿਸੇ ਕਾਰਨ ਗੱਲ ਨਾ ਬਣ ਸਕੀ।” ਫ਼ਲੋਰਾ ਨੇ ਕਿਹਾ ਕਿ ਉਹ ਮਲਿਆਲਮ ਸਿਨੇਮਾ ‘ਚ ਦੁਲਕੇਰ ਸਲਮਾਨ ਨਾਲ ਫ਼ਿਲਮ ਕਰਨਾ ਪਸੰਦ ਕਰੇਗੀ।
”ਮੈਨੂੰ ਲਗਦਾ ਹੈ ਕਿ ਉਹ ਬਹੁਤ ਹੈਂਡਸਮ ਹੈ। ਮੈਂ ਹਾਲ ਹੀ ‘ਚ ਉਸ ਦੀ ਫ਼ਿਲਮ ਕਾਰਵਾਂ ਦੇਖੀ ਸੀ ਜਿਸ ‘ਚ ਮੈਂ ਉਸ ਵੱਲੋਂ ਕੀਤੀ ਅਦਾਕਾਰੀ ਤੋਂ ਕਾਫ਼ੀ ਪ੍ਰਭਾਵਿਤ ਹੋਈ ਹਾਂ। ਮੈਂ ਨਿਸ਼ਚਿਤ ਤੌਰ ‘ਤੇ ਉਸ ਨਾਲ ਕੰਮ ਕਰਨਾ ਚਾਹੁੰਦੀ ਹਾਂ ਅਤੇ ਇਹ ਮੇਰੇ ਲਈ ਖ਼ੁਸ਼ੀ ਵਾਲੀ ਗੱਲ ਹੋਵੇਗੀ।” ਫ਼ਿਲਮ ਇਸਤਰੀ” ਚ ਫ਼ਲੋਰਾ ਸੈਣੀ ਦੀ ਅਦਾਕਾਰੀ ਦੀ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ। ਇਸ ਫ਼ਿਲਮ ‘ਚ ਰਾਜਕੁਮਾਰ ਰਾਓ ਅਤੇ ਸ਼੍ਰਧਾ ਕਪੂਰ ਮੁੱਖ ਭੂਮਿਕਾਵਾਂ ‘ਚ ਸਨ। ਫ਼ਿਲਮ ਨੇ ਪਰਦੇ ‘ਤੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਇਹ ਫ਼ਿਲਮ ਵੀ ਰਾਜਕੁਮਾਰ ਰਾਓ ਦੀਆਂ ਸਫ਼ਲ ਫ਼ਿਲਮਾਂ ‘ਚ ਸ਼ਾਮਿਲ ਹੋ ਗਈ ਹੈ।