ਸੁਲਤਾਨਪੁਰ ਲੋਧੀ : ਦਰਿਆ ਬਿਆਸ ‘ਚ ਮੰਡ ਖੇਤਰ ਦੇ ਕਿਸਾਨਾਂ ਵਲੋਂ ਲਗਾਏ 15 ਕਿਲੋਮੀਟਰ ਲੰਬੇ ਐਡਵਾਂਸ ਧੁੱਸੀ ਬੰਨ੍ਹ ‘ਚ ਬੀਤੀ ਅੱਧੀ ਰਾਤ ਨੂੰ ਵੱਡਾ ਪਾੜ ਪੈ ਜਾਣ ਕਾਰਨ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ 10 ਹਜ਼ਾਰ ਏਕੜ ਝੋਨੇ ਦੀ ਫਸਲ ਡੁੱਬਣ ਦੀ ਖ਼ਬਰ ਹੈ। ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਪਿੰਡ ਦਾਨੇਵਾਲ ਕੋਲ ਬੀਤੀ ਰਾਤ ਅਚਾਨਕ ਐਡਵਾਂਸ ਧੁੱਸੀ ਬੰਨ੍ਹ ‘ਚ ਪਾੜ ਪੈ ਗਿਆ। ਜਿਸ ਕਾਰਨ ਦੂਰ-ਦੂਰ ਤੱਕ ਹੜ੍ਹ ਦਾ ਪਾਣੀ ਆ ਜਾਣ ਕਾਰਨ ਲੋਕਾਂ ‘ਚ ਦਹਿਸ਼ਤ ਫੈਲ ਗਈ। ਇਸੇ ਦੌਰਾਨ ਖਬਰ ਮਿਲਦੇ ਹੀ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਸੰਗਤਾਂ ਸਮੇਤ ਮੌਕੇ ‘ਤੇ ਪਹੁੰਚ ਗਏ ਅਤੇ ਮੰਡ ਖੇਤਰ ਦੇ ਸੈਂਕੜੇ ਕਿਸਾਨਾਂ ਨਾਲ ਮਿਲ ਕੇ ਟੁੱਟੇ ਹੋਏ ਬੰਨ੍ਹ ਨੂੰ ਦੁਬਾਰਾ ਬੰਨ੍ਹਣ ਲਈ ਸੇਵਾ ‘ਚ ਜੁੱਟ ਗਏ। ਇਸ ਸਮੇਂ ਥਾਣਾ ਕਬੀਰਪੁਰ ਦੀ ਐੱਸ. ਐੱਚ. ਓ. ਜਸਮੇਲ ਕੌਰ ਚਾਹਲ, ਬਾਬਾ ਨਰਾਇਣ ਸਿੰਘ ਜੀ, ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ, ਗੁਰਦੁਆਰਾ ਬੇਬੇ ਨਾਨਕੀ ਦੇ ਮੈਨੇਜਰ ਜਥੇ. ਗੁਰਦਿਆਲ ਸਿੰਘ ਆਦਿ ਹੋਰ ਕਈ ਆਗੂ ਅਤੇ ਕਿਸਾਨ ਮੌਕੇ ‘ਤੇ ਪੁੱਜੇ ਤੇ ਬੰਨ੍ਹ ‘ਚ ਪਿਆ ਪਾੜ ਬੰਦ ਕਰਨ ਲਈ ਡਟ ਗਏ ਹਨ।
ਸੰਤ ਬਲਬੀਰ ਸਿੰਘ ਸੀਚੇਵਾਲ ਖੁਦ ਐਡਵਾਂਸ ਬੰਨ੍ਹ ‘ਚ ਪਏ ਪਾੜ ਵਾਲੀ ਥਾਂ ਬੋਰੇ ਭਰ-ਭਰ ਕੇ ਲਗਾ ਰਹੇ ਹਨ। ਜਥੇਦਾਰ ਗੁਰਜੰਟ ਸਿੰਘ ਸੰਧੂ ਨੇ ਦੱਸਿਆ ਕਿ ਮੰਡ ਖੇਤਰ ਦੇ ਪਿੰਡਾਂ ਦੇ ਸੈਂਕੜੇ ਕਿਸਾਨਾਂ ਨੇ ਮਿਲ ਕੇ ਆਪਣੀਆਂ ਫਸਲਾਂ ਨੂੰ ਹੜ੍ਹ ਤੋਂ ਬਚਾਉਣ ਲਈ ਇਹ 15 ਕਿਲੋਮੀਟਰ ਦੇ ਕਰੀਬ ਲੰਬਾ ਐਡਵਾਂਸ ਬੰਨ੍ਹ ਦਰਿਆ ਬਿਆਸ ‘ਤੇ ਬਣਾਇਆ ਸੀ। ਜਿਸ ‘ਚ ਪਾੜ ਪੈਣ ਕਾਰਨ ਪਿੰਡ ਆਹਲੀਕਲਾਂ, ਗਾਮੇਵਾਲ, ਜਾਮੇਵਾਲ, ਦਾਨੇਵਾਲ, ਭਰੋਆਣਾ, ਸਰੂਪਵਾਲ, ਘੁੱਗ ਮੰਡ, ਸ਼ੇਖਮਾਂਗਾ, ਸ਼ਾਹਵਾਲਾ ਅੰਦਰੀਸਾ, ਟਿੱਬੀ ਆਦਿ ਦੇ ਨਿਵਾਸੀ ਕਿਸਾਨਾਂ ਦੀ ਮੰਡ ਖੇਤਰ ‘ਚ ਦਰਿਆ ਨੇੜੇ ਲਗਦੀ ਹਜ਼ਾਰਾਂ ਏਕੜ ਫਸਲ ਦਾ ਨੁਕਸਾਨ ਹੋਣ ਦਾ ਡਰ ਹੈ। ਇਸ ਸਮੇਂ ਗੁਰਦੁਆਰਾ ਬੇਬੇ ਨਾਨਕੀ ਜੀ ਅਤੇ ਗੁਰਦੁਆਰਾ ਬੇਰ ਸਾਹਿਬ ਤੋਂ ਗੁਰੂ ਕੇ ਲੰਗਰ ਵੀ ਕਿਸਾਨਾਂ ਲਈ ਭੇਜੇ ਗਏ ਹਨ।