ਨਵੀਂ ਦਿੱਲੀ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਨੈਸ਼ਨਲ ਜਿਓਗ੍ਰੈਫ਼ਿਕ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਆਪਣੇ ਪਿਤਾ ਦੇ ਦਿਹਾਂਤ ਦੀ ਰਾਤ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਖ਼ਰੀ ਸਾਹ ਮੇਰੀਆਂ ਬਾਹਾਂ ਵਿੱਚ ਲਿਆ ਸੀ। ਕੋਹਲੀ ਨੇ ਦੱਸਿਆ ਕਿ ਪਿਤਾ ਦੀ ਮੌਤ ਦੇ ਕੁੱਝ ਸਮਾਂ ਪਹਿਲਾਂ ਮੈਂ ਖੇਡਣ ਗਿਆ। ਮੈਂ ਉਸ ਸਮੇਂ ਦਿੱਲੀ ਵਲੋਂ ਰਣਜੀ ਟਰੌਫ਼ੀ ਕ੍ਰਿਕਟ ਮੈਚ ਖੇਡ ਰਿਹਾ ਸੀ। ਮੈਂ 40 ਦੌੜਾਂ ਬਣਾ ਕੇ ਅਜੇਤੂ ਸੀ। ਅਗਲੇ ਦਿਨ ਵੀ ਮੈਨੂੰ ਖੇਡਣ ਜਾਣਾ ਸੀ, ਪਰ ਸਵੇਰੇ 3 ਵਜੇ ਅਚਾਨਕ ਮੇਰੇ ਪਿਤਾ ਜੀ ਦੀ ਸਿਹਤ ਵਿਗੜ ਗਈ। ਪਿਤਾ ਜੀ ਦੀ ਸਿਹਤ ਖ਼ਰਾਬ ਹੋਣ ਤੋਂ ਬਾਅਦ ਸਾਨੂੰ ਕਿਸੇ ਤੋਂ ਵੀ ਕਿਸੇ ਤਰ੍ਹਾਂ ਦੀ ਆਰਥਿਕ ਮਦਦ ਨਹੀਂ ਮਿਲੀ। ਅਸੀਂ ਗੁਆਂਢੀਆਂ ਤੋਂ ਸਹਾਇਤਾ ਮੰਗਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਵੀ ਸਾਡੀ ਕੋਈ ਸਹਾਇਤਾ ਨਹੀਂ ਕੀਤੀ। ਅਸੀਂ ਜਿਸ ਵੀ ਡਾਕਟਰ ਨੂੰ ਜਾਣਦੇ ਸਾਂ ਉਸ ਤੋਂ ਮਦਦ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਸ ਰਾਤ ਉਹ ਅਜਿਹਾ ਸਮਾਂ ਸੀ ਕਿ ਕਿਤਿਓਂ ਵੀ ਸਾਨੂੰ ਕੋਈ ਪ੍ਰਤੀਕਿਰਿਆ ਨਹੀਂ ਮਿਲੀ। ਜਦੋਂ ਤਕ ਐਂਬੂਲੈਂਸ ਆਈ, ਸਭ ਕੁੱਝ ਖ਼ਤਮ ਹੋ ਚੁੱਕਾ ਸੀ।