ਨਵੀਂ ਦਿੱਲੀ – ਏਸ਼ੀਆ ਕੱਪ 2018 ‘ਚ ਭਾਰਤ ਨੇ ਪਾਕਿਸਤਾਨ ਨੂੰ ਲਗਾਤਾਰ ਦੋ ਮੈਚਾਂ ‘ਚ ਬੁਰੀ ਤਰ੍ਹਾਂ ਹਰਾਇਆ। ਪਹਿਲਾਂ ਟੀਮ ਇੰਡੀਆ ਨੇ ਗਰੁੱਪ ਮੈਚ ‘ਚ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ। ਉਸ ਤੋਂ ਬਾਅਦ ਸੁਪਰ 4 ਮੁਕਾਬਲੇ ਵਿੱਚ ਰੋਹਿਤ ਸ਼ਰਮਾ ਦੀ ਟੀਮ ਨੇ ਪਾਕਿਸਤਾਨ ਨੂੰ 9 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਭਾਰਤ ਤੋਂ ਮਿਲੀ ਇਨ੍ਹਾਂ ਦੋ ਹਾਰਾਂ ਤੋਂ ਬਾਅਦ ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮਹਾਨ ਤੇਜ਼ ਗੇਂਦਬਾਜ਼ਾਂ ‘ਚੋਂ ਇੱਕ ਵਸੀਮ ਅਕਰਮ ਬੇਹੱਦ ਨਿਰਾਸ਼ ਹੈ। ਵਸੀਮ ਅਕਰਮ ਨੇ ਸੁਪਰ 4 ‘ਚ ਮਿਲੀ ਹਾਰ ਦੇ ਬਾਅਦ ਆਪਣੀ ਟੀਮ ਖ਼ਿਲਾਫ਼ ਕਈ ਸਖ਼ਤ ਬਿਆਨ ਦੇ ਦਿੱਤੇ।
ਵਸੀਮ ਅਕਰਮ ਨੇ ਇੱਕ ਟੀ.ਵੀ. ਚੈਨਲ ਨਾਲ ਗੱਲਬਾਤ ‘ਚ ਕਿਹਾ, ”ਮੈਂ ਲਗਭਗ 20 ਸਾਲਾਂ ਤਕ ਪਾਕਿਸਤਾਨ ਲਈ ਕ੍ਰਿਕਟ ਖੇਡਿਆ, ਪਰ ਮੈਂ ਕਦੀ ਨਹੀਂ ਸੋਚਿਆ ਸੀ ਕਿ ਮੈਨੂੰ ਅਜਿਹਾ ਦਿਨ ਵੀ ਦੇਖਣਾ ਪਵੇਗਾ। ਜਿਸ ਤਰ੍ਹਾਂ ਨਾਲ ਸਾਡੀ ਟੀਮ ਇੱਕਤਰਫ਼ਾ ਮੈਚ ਹਾਰ ਰਹੀ ਹੈ, ਉਹ ਬੇਹੱਦ ਨਿਰਾਸ਼ਾਜਨਕ ਹੈ।” ਵਸੀਮ ਅਕਰਮ ਨੇ ਅੱਗੇ ਕਿਹਾ, ”ਸਾਨੂੰ ਕਮਜ਼ੋਰ ਟੀਮਾਂ ਖ਼ਿਲਾਫ਼ ਘੱਟ ਕ੍ਰਿਕਟ ਖੇਡਣਾ ਹੋਵੇਗਾ। ਇੱਕ-ਦੋ ਮੈਚ ਕਮਜ਼ੋਰ ਟੀਮ ਖ਼ਿਲਾਫ਼ ਠੀਕ ਹਨ, ਪਰ ਜ਼ਿੰਬਾਬਵੇ ਜਾ ਕੇ ਪੰਜ ਵਨਡੇ ਅਤੇ ਤਿੰਨ ਟੀ-20 ਮੈਚ ਖੇਡਣ ਨਾਲ ਪਾਕਿਸਤਾਨ ਨੂੰ ਕੀ ਮਿਲਿਆ?”
ਵਸੀਮ ਅਕਰਮ ਨੇ ਕਿਹਾ ਕਿ ਭਾਰਤ ਤੋਂ ਮਿਲੀ ਹਾਰ ਦੇ ਬਾਅਦ ਹੁਣ ਟੀਮ ਨੂੰ ਚੈਂਪੀਅਨਜ਼ ਟਰੌਫ਼ੀ ਦੀ ਜਿੱਤ ਤੋਂ ਬਾਹਰ ਨਿਕਲ ਆਣਾ ਚਾਹੀਦਾ ਹੈ। ਵਸੀਮ ਅਕਰਮ ਨੇ ਨਾਲ ਹੀ ਕਿਹਾ, ”ਪਾਕਿਸਤਾਨ ਨੂੰ ਚੈਂਪੀਅਨਜ਼ ਟਰੌਫ਼ੀ ‘ਚ ਡੇਢ ਸਾਲ ਪਹਿਲਾਂ ਜਿੱਤ ਮਿਲੀ ਸੀ। ਏਸ਼ੀਆ ਕੱਪ ‘ਚ ਤਾਂ ਟੀਮ ਇੰਡੀਆ ਦੇ ਸਭ ਤੋਂ ਅਹਿਮ ਖਿਡਾਰੀ ਵਿਰਾਟ ਕੋਹਲੀ ਵੀ ਨਹੀਂ ਆਏ, ਰੱਬ ਜਾਣੇ ਕੀ ਹੁੰਦਾ ਜੇਕਰ ਟੀਮ ਇੰਡੀਆ ‘ਚ ਉਹ ਵੀ ਖੇਡ ਰਹੇ ਹੁੰਦੇ।”