ਕਹਿੰਦੇ ਨੇ ਖ਼ੁਸ਼ੀ ਹਰ ਇਨਸਾਨ ਦਾ ਹੱਕ ਏ, ਪਰ ਜੇ ਇਨਸਾਨ ਆਪਣੇ ਆਸੇ ਪਾਸੇ ਨਜ਼ਰ ਮਾਰੇ ਤਾਂ ਖ਼ੁਸ਼ੀ ਇੱਕ ਨਾਯਾਬ ਜਿਹੀ ਸ਼ੈ ਏ, ਅਤੇ ਬਹੁਤੇ ਇਨਸਾਨ ਤੇ ਦੁਖਾਂ ਤੇ ਮੁਸੀਬਤਾਂ ਦੇ ਵੇਲਣੇ ‘ਚ ਪੇੜੇ ਜਾ ਰਹੇ ਨਜ਼ਰ ਆਉਂਦੇ ਨੇ। ਇਨਸਾਨ ਦੀ ਜ਼ਿੰਦਗੀ ਦੀ ਤੱਕੜੀ ਵਿੱਚ ਖ਼ੁਸ਼ੀਆਂ ਅਤੇ ਹਾਸਿਆਂ ਦਾ ਪੱਲੜਾ ਅਕਸਰ ਹੌਲਾ ਅਤੇ ਦੁੱਖਾਂ, ਮੁਸੀਬਤਾਂ, ਹੌਕਿਆਂ ਤੇ ਹੰਝੂਆਂ ਦਾ ਪੱਲੜਾ ਭਾਰਾ ਨਜ਼ਰ ਆਉਂਦਾ ਏ। ਇਹ ਹਾਲ ਸਿਰਫ਼ ਗ਼ਰੀਬਾਂ ਦਾ ਈ ਨਹੀਂ ਸਗੋਂ ਏਸ ਵਿੱਚ ਅਮੀਰ ਕਬੀਰ ਵੀ ਸ਼ਾਮਿਲ ਨੇ। ਕਦੇ ਕਿਸੇ ਦੇ ਘਰ ਕੋਈ ਬਿਮਾਰੀ ਵੜੀ ਹੁੰਦੀ ਏ ਅਤੇ ਕਦੇ ਕੋਈ ਹੋਰ ਪਰੇਸ਼ਾਨੀ।
ਮੇਰਾ ਵੀ ਇਹੋ ਹਾਲ ਏ। ਹੋ ਸਕਦੈ ਬੇਸ਼ੁਮਾਰ ਪਾਕਿਸਤਾਨੀਆਂ ਅਤੇ ਪੰਜਾਬੀਆਂ ਦੀ ਨਜ਼ਰ ਵਿੱਚ ਮੇਰੀ ਜ਼ਿੰਦਗੀ ਇੱਕ ਮਿਸਾਲੀ ਯਾ ਆਈਡੀਅਲ ਜ਼ਿੰਦਗੀ ਹੋਵੇ ਪਰ ਨਾਨਕ ਦੁਖੀਆ ਸਭ ਸੰਸਾਰ ਮੁਤਾਬਿਕ ਮੇਰੀ ਜ਼ਿੰਦਗੀ ਵੀ ਖ਼ੁਸ਼ੀਆਂ ਅਤੇ ਦੁਖਾਂ ਨਾਲ਼ ਸ਼ੂਗਰ ਕੋਟਿਡ ਏ। ਕੁਝ ਬੰਦੇ ਦੁੱਖਾਂ ਤੇ ਪਰੇਸ਼ਾਨੀਆਂ ਦੇ ਬਿਆਨੀਏ ਨਾਲ਼ ਏਸ ਹੱਦ ਤਕ ਜੁੜੇ ਹੁੰਦੇ ਨੇ ਕਿ ਕੋਈ ਖ਼ੁਸ਼ੀ ਵੀ ਇਨ੍ਹਾਂ ਨੂੰ ਦੁਖਾਂ ਅਤੇ ਪਰੇਸ਼ਾਨੀਆਂ ਦੇ ਹਿਸਾਰ ‘ਚੋਂ ਬਾਹਰ ਨਹੀਂ ਕੱਢ ਸਕਦੀ। ਇਹ ਹਿਸਾਰ ਕੁਝ ਤਾਂ ਹਕੀਕਤ ਵਿੱਚ ਦੁਖਾਂ ਅਤੇ ਪਰੇਸ਼ਾਨੀਆਂ ਦਾ ਹਿਸਾਰ ਹੁੰਦਾ ਏ, ਪਰ ਕਈ ਵਾਰ ਬੰਦੇ ਨੇ ਇਹ ਹਿਸਾਰ ਖ਼ੁਦ ਆਪਣੇ ਗਿਰਦ ਖੜ੍ਹਾ ਕੀਤਾ ਹੁੰਦਾ ਏ। ਮੈਂ ਏਸ ਹਿਸਾਰ ਤੋਂ ਰਿਹਾਈ ਲਈ ਇਹ ਗੁਰ ਸਿਖਿਆ ਏ ਕਿ ਬੰਦੇ ਨੂੰ ਹਰ ਵੇਲੇ ਵੱਡੀ ਖ਼ੁਸ਼ੀ ਦੀ ਤਾਂਘ ਦਾ ਕੈਦੀ ਨਹੀਂ ਬਣੇ ਰਣਿਾ ਚਾਹੀਦਾ ਸਗੋਂ ਨਿੱਕੀਆਂ ਨਿੱਕੀਆਂ ਖ਼ੁਸ਼ੀਆਂ ਨੂੰ ਵੀ ਜੀ ਆਈਆਂ ਆਖਣਾ ਚਾਹੀਦਾ ਏ। ਇਹ ਗੱਲ ਇੰਝ ਈ ਜਿਵੇਂ ਇੱਕ ਕਹਿਤ ਦੇ ਮਾਰੇ ਬੰਦੇ ਨੂੰ ਕੋਈ ਆ ਕੇ ਅੱਧੀ ਰੋਟੀ ਵੀ ਦੇ ਦੇਵੇ ਅਤੇ ਉਹ ਬੰਦਾ ਇਹ ਰੋਟੀ ਲੈਣ ਤੋਂ ਵੀ ਨਾਂਹ ਕਰ ਦੇਵੇ ਅਤੇ ਇੱਕ ਭਰੇ ਦਸਤਰਖ਼ਾਨ ਦੀ ਮੰਗ ਕਰੇ। ਇਹ ਅੱਧੀ ਰੋਟੀ ਵੀ ਉਹਦੀ ਜ਼ਰੂਰਤ ਏ। ਇਸੇ ਤਰਾਂ ਇਨਸਾਨ ਲਈ ਨਿੱਕੀਆਂ ਨਿੱਕੀਆਂ ਖ਼ੁਸ਼ੀਆਂ ਵੀ ਖ਼ੁਸ਼ੀਆਂ ਨੇ, ਹਰ ਖ਼ੁਸ਼ੀ ਆਪਣੀ ਥਾਂ ‘ਤੇ ਇੱਕ ਨੇਅਮਤ ਏ।
ਇਸੇ ਤਰਾਂ ਦੀ ਇੱਕ ਖ਼ੁਸ਼ੀ ਨਾਲ ਮੇਰਾ ਵਾਹ ਕੁਝ ਦਿਨ ਪਹਿਲਾਂ ਪਿਆ। ਅਮਾਰ ਮੇਰਾ ਰਿਸ਼ਤੇਦਾਰ ਵੀ ਏ ਅਤੇ ਮੇਰੇ ਪਿੰਡ ਵਿੱਚ ਮੇਰਾ ਗਵਾਂਢੀ ਵੀ। ਉਹ ਪੜ੍ਹਿਆ ਲਿਖਿਆ ਨੌਜਵਾਨ ਏ ਮੇਰੇ ਖ਼ਿਆਲ ਵਿੱਚ ਉਹਨੇ ਐੱਮ. ਏ. ਵੀ ਕੀਤਾ ਹੋਇਆ ਏ। ਉਹਦਾ ਆਪਣਾ ਕਾਰੋਬਾਰ ਏ। ਪਿੰਡ ਵਿੱਚ ਮੁਬਾਇਲ ਫ਼ੋਨ ਵੇਚਦਾ ਅਤੇ ਖ਼ਰਾਬ ਫ਼ੋਨਾਂ ਦੀ ਮੁਰੰਮਤ ਵੀ ਕਰਦਾ ਏ। ਏਸ ਤੋਂ ਵੱਖ ਉਹ ਕੰਪਿਊਟਰ ਦਾ ਵੀ ਮਾਹਿਰ ਏ। ਸਵੀਡਨ ਵਿੱਚ ਮੇਰਾ ਇਹਦੇ ਨਾਲ਼ ਫ਼ੇਸਬੁੱਕ ਰਾਹੀਂ ਰਾਬਤਾ ਏ। ਕਦੇ ਕਦੇ ਗੱਲਬਾਤ ਵੀ ਹੋ ਜਾਂਦੀ ਏ। ਇਹ ਮੇਰੇ ਨਾਲ ਫ਼ੇਸਬੁੱਕ ਦੇ ਪੈਗ਼ਾਮ ਰਾਹੀਂ ਗੱਲਬਾਤ ਹਮੇਸ਼ਾ ਅੰਗਰੇਜ਼ੀ ਯਾ ਉਰਦੂ ਵਿੱਚ ਕਰਦਾ ਸੀ। ਪਿਛਲੇ ਦਿਨੀਂ ਮੈਨੂੰ ਫ਼ੇਸਬੁੱਕ ‘ਤੇ ਇਹਦਾ ਇੱਕ ਪੈਗ਼ਾਮ ਪੰਜਾਬੀ ਵਿੱਚ ਮਿਲਿਆ। ਇਹ ਪੰਜਾਬੀ ਖ਼ਾਲਸ ਜੇਹਲਮੀ ਪੰਜਾਬੀ ਸੀ। ਮੇਰਾ ਪਿੰਡ ਤਾਂ ਸਾਹੀਵਾਲ ਜ਼ਿਲੇ ਵਿੱਚ ਏ, ਪਰ ਏਸ ਜ਼ਿਲੇ ਵਿੱਚ ਕਈ ਲਹਿਜਿਆਂ ਦੀ ਪੰਜਾਬੀ ਬੋਲੀ ਜਾਂਦੀ ਏ। ਇਥੋਂ ਦੀ ਅਸਲ ਪੰਜਾਬੀ ਤਾਂ ਜਾਂਗਲ਼ੀ ਏ, ਪਰ ਬਹੁਤ ਸਾਰੇ ਪਿੰਡਾਂ ਵਿਚ ਕਈ ਤਰਾਂ ਦੀ ਪੰਜਾਬੀ ਬੋਲੀ ਜਾਂਦੀ ਏ। ਉਹਦੀ ਵਜ੍ਹਾ ਆਬਾਦਕਾਰ ਨੇ। ਸਾਹੀਵਾਲ ਬਾਰਾਂ ਦਾ ਜ਼ਿਲ੍ਹਾ ਸਮਝਿਆ ਜਾਂਦਾ ਏ । ਇੱਕ ਜ਼ਮਾਨੇ ਵਿੱਚ ਇਨ੍ਹਾਂ ਬਾਰਾਂ ਦਾ ਬਹੁਤਾ ਰਕਬਾ ਬੇ ਆਬਾਦ ਅਤੇ ਜੰਗਲ ਹੁੰਦਾ ਸੀ। ਕੋਈ ਸੌ ਡੇੜ੍ਹ ਸੌ ਸਾਲ ਪਹਿਲਾਂ ਅੰਗਰੇਜ਼ਾਂ ਨੇ ਏਸ ਨੂੰ ਆਬਾਦ ਕਰਨ ਦਾ ਫ਼ੈਸਲਾ ਕੀਤਾ। ਏਸ ਦੀ ਵੱਡੀ ਵਜ੍ਹਾ ਉਥੇ ਰਹਿੰਦੇ ਜਾਂਗਲੀ ਸਨ ਜੋ ਅੰਗਰੇਜ਼ ਦੇ ਬਾਗ਼ੀ ਸਨ। ਇਨ੍ਹਾਂ ਨੂੰ ਨੱਥ ਪਾਉਣ ਲਈ ਅੰਗਰੇਜ਼ਾਂ ਇਥੇ ਨਹਿਰਾਂ ਦਾ ਜਾਲ ਵਿਛਾ ਕੇ ਨਵੇਂ ਪਿੰਡਾਂ ਅਤੇ ਕਸਬਿਆਂ ਦੀ ਬੁਨਿਆਦ ਰੱਖੀ। ਦੂਜੀ ਵਜ੍ਹਾ ਸਾਹੀਵਾਲ ਦੀ ਜ਼ਮੀਨ ਸੀ। ਜੇ ਇਹ ਆਬਾਦ ਹੁੰਦੀ ਤਾਂ ਅੰਗਰੇਜ਼ ਨੂੰ ਬੇਅੰਤ ਮਾਲੀ ਫ਼ੈਦਾ ਹੋਣਾ ਸੀ।
ਇਨ੍ਹਾਂ ਨਵੇਂ ਪਿੰਡਾਂ ਵਿੱਚ ਜੋ ਲੋਕ ਆ ਕੇ ਆਬਾਦ ਹੋਏ ਉਹ ਜਾਂਗਲੀ ਨਹੀਂ ਸਨ ਸਗੋਂ ਉਨ੍ਹਾਂ ਇਲਾਕਿਆਂ ਦੇ ਰਹਿਣ ਵਾਲੇ ਸਨ ਜੋ ਅੰਗਰੇਜ਼ ਦੇ ਵਫ਼ਾਦਾਰ ਅਤੇ ਮੁਕੰਮਲ ਤਾਬੇਦਾਰ ਹੋ ਚੁੱਕੇ ਸਨ। ਅਕਸਰ ਇੰਝ ਹੋਇਆ ਕਿ ਪੂਰੇ ਪਿੰਡ ਦਾ ਪਿੰਡ ਕਿਸੇ ਖ਼ਾਸ ਜ਼ਿਲੇ ਯਾ ਇਲਾਕੇ ਦੇ ਲੋਕਾਂ ਨੂੰ ਅਲੌਟ ਕਰ ਦਿੱਤਾ ਗਿਆ। ਸਾਹੀਵਾਲ ਵਿੱਚ ਇਨ੍ਹਾਂ ਨਵੇਂ ਆਬਾਦ ਕੀਤੇ ਗਏ ਪਿੰਡਾਂ ਦੇ ਨਾਂ ਤਾਂ ਭਾਂਵੇਂ ਚੱਕ ਨੰਬਰ ਫ਼ਲਾਂ ਫ਼ਲਾਂ ਏ, ਪਰ ਹਰ ਪਿੰਡੇ ਦੇ ਨਾਲ਼ ਇਥੋਂ ਦੇ ਵਸਨੀਕਾਂ ਦੇ ਆਬਾਈ ਇਲਾਕੇ ਦਾ ਨਾਂ ਜ਼ਰੂਰ ਲਗਦਾ ਏ ਜਿਵੇਂ ਇਕ ਚੱਕ ਨਿਵਾਜ਼ੀ ਪੂਰੀਆਂ ਦਾ, ਪੰਜ ਚੱਕ ਪਿੰਡੀ ਦੇ ਰਾਜਿਆਂ ਦਾ, ਸੱਤ ਚੁੱਕ ਲਹੌਰੀਆਂ ਦਾ, ਤਿੰਨ ਚੱਕ ਦਿਆਲਾਂ ਦਾ, ਨੱਬੇ ਚੱਕ ਈਸਾਈਆਂ ਦਾ ਵਗ਼ੈਰਾ ਵਗ਼ੈਰਾ। ਇਨ੍ਹਾਂ ਪਿੰਡਾਂ ਵਿਚ ਅੱਜ ਤਕ ਇਨ੍ਹਾਂ ਦੇ ਵਸਨੀਕਾਂ ਦੀ ਆਬਾਈ ਪੰਜਾਬੀ ਈ ਬੋਲੀ ਜਾਂਦੀ ਏ। ਕਈ ਪਿੰਡਾਂ ਵਿੱਚ ਇੰਝ ਵੀ ਹੋਇਆ ਕਿ 1947 ਦੀ ਵੰਡ ਮਗਰੋਂ ਇਨ੍ਹਾਂ ਪਿੰਡਾਂ ਦੇ ਆਬਾਦਕਾਰਾਂ ਵਿੱਚੋਂ ਹਿੰਦੂ ਅਤੇ ਸਿਖ ਤੁਰ ਗਏ ਅਤੇ ਇਨ੍ਹਾਂ ਦੀ ਥਾਂ ਲੈਣ ਲਈ ਹਿੰਦੁਸਤਾਨ ਤੋਂ ਮਹਾਜਰ ਆ ਗਏ। ਇਨ੍ਹਾਂ ਨੇ ਵੀ ਇਥੇ ਆ ਕੇ ਆਪਣੀ ਬੋਲੀ ਨਾ ਬਦਲੀ ਅਤੇ ਆਪਣੀ ਆਬਾਈ ਬੋਲੀ ਈ ਬੋਲਦੇ ਰਹੇ। ਸਾਹੀਵਾਲ ਵਿੱਚ ਅਜਿਹੇ ਅਣਗਿਣਤ ਪਿੰਡ ਨੇ ਜਿੱਥੇ ਪੰਜਾਬੀ ਦੇ ਕਈ ਕਈ ਲਹਿਜੇ ਬੋਲੇ ਜਾਂਦੇ ਨੇ। ਅਜਿਹੇ ਪਿੰਡਾਂ ਵਿੱਚੋਂ ਇੱਕ ਪਿੰਡ ਮੇਰਾ ਪਿੰਡ ਵੀ ਏ। ਇੱਥੇ ਜਿਹਲਮ ਦੇ ਸੱਯਦ ਆ ਕੇ ਆਬਾਦ ਹੋਏ ਅਤੇ ਏਸ ਦਾ ਨਾਂ ਦੋ ਚੱਕ ਸਯੱਦਾਂ ਪੇ ਗਿਆ। ਬਾਅਦ ਵਿੱਚ ਇਥੇ ਹਿੰਦੁਸਤਾਨ ਦੇ ਮਹਾਜਰ ਅਤੇ ਗੰਜੀ ਬਾਰ ਦੇ ਜਾਂਗਲੀ ਵੀ ਆ ਕੇ ਵੱਸ ਗਏ, ਪਰ ਇਥੋਂ ਦੀ ਬੋਲੀ ਜੇਹਲਮੀ ਈ ਰਹੀ ਅਤੇ ਅੱਜ ਤਕ ਵੀ ਇਹੋ ਬੋਲੀ ਜਾਂਦੀ ਏ।
ਭਾਂਵੇਂ ਮੇਰੀ ਲਿਖਾਈ ਦੀ ਪੰਜਾਬੀ ਬਦਲ ਗਈ, ਪਰ ਜਦ ਵੀ ਮੈਂ ਆਪਣੇ ਖ਼ਾਨਦਾਨ ਦੇ ਲੋਕਾਂ ਯਾ ਪਿੰਡ ਦੇ ਲੋਕਾਂ ਨਾਲ ਗੱਲ ਕਰਦਾ ਹਾਂ ਤਾਂ ਮੇਰੇ ਮੂੰਹ ਚੋਂ ਖ਼ੁਦ ਬਖ਼ੁਦ ਜੇਹਲਮੀ ਨਿਕਲ ਆਉਂਦੀ ਏ। ਏਸ ਤੋਂ ਇਲਾਵਾ ਪੂਰੀ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜਦ ਕਦੇ ਵੀ ਕੋਈ ਬੰਦਾ ਮੇਰੇ ਪਿੰਡ ਵਾਲੀ ਜੇਹਲਮੀ ਬੋਲਦਾ ਏ ਤਾਂ ਉਹ ਬੰਦਾ ਇੱਕ ਮਿਕਨਾਤੀਸ ਦੀ ਤਰਾਂ ਮੈਨੂੰ ਆਪਣੇ ਵੱਲ ਖਿੱਚ ਲੈਂਦਾ ਏ। ਮੈਨੂੰ ਯਾਦ ਏ ਮੈਂ ਜਿਤਨੀ ਵਾਰ ਵੀ ਹਿੰਦੁਸਤਾਨ ਗਿਆ ਅਤੇ ਜੇ ਕਿਧਰੇ ਮੇਰੇ ਕੰਨ ਵਿੱਚ ਜੇਹਲਮੀ ਦੇ ਲਫ਼ਜ਼ ਪਏ ਤਾਂ ਮੈਂ ਉਸ ਬੰਦੇ ਨੂੰ ਫ਼ੜ ਕੇ ਬਹਿ ਗਿਆ ਅਤੇ ਛੱਡਣ ਨੂੰ ਦਿਲ ਨਾ ਕੀਤਾ।
ਅਮਾਰ ਦੇ ਫ਼ੇਸਬੁੱਕ ‘ਤੇ ਜੇਹਲਮੀ ਦੇ ਪੈਗ਼ਾਮ ਨੇ ਮੇਰੇ ਅੰਦਰ ਵੈਰਾਗ ਦਾ ਇੱਕ ਤੂਫ਼ਾਨ ਖੜ੍ਹਾ ਕਰ ਦਿੱਤਾ। ਮੈਂ ਉਹਨੂੰ ਫ਼ੋਨ ਕੀਤਾ ਅਤੇ ਕਹਿਣ ਲੱਗਾ, ”ਤੁਹਾਡੇ ਰਾਹੀਂ ਮੈਨੂੰ ਆਜ਼ਾਦੀ ਦਾ ਅਜਬ ਤਜਰਬਾ ਹੋਇਆ ਏ। ਬਚਪਨ ਤੋਂ ਲੈ ਕੇ ਹੁਣ ਤਕ ਹਰ ਸਕੂਲ ਅਤੇ ਕਾਲਜ ਵਿੱਚ ਉਰਦੂ ਨੂੰ ਮੇਰੇ ਦਿਮਾਗ਼ ਵਿੱਚ ਕੌਮੀ ਤੇ ਪੜ੍ਹੇ ਲਿਖੇ ਬੰਦੇ ਦੀ ਜ਼ਬਾਨ ਦੇ ਤੌਰ ਤੇ ਤੁੰਨਿਆ ਗਿਆ। ਏਸ ਤੋਂ ਵੱਖ, ਹਰ ਪਾਸੇ ਉਰਦੂ ਈ ਉਰਦੂ। ਅਖ਼ਬਾਰ, ਰਸਾਲੇ, ਕਿਤਾਬਾਂ (ਖ਼ਾਸ ਤੌਰ ਤੇ ਮਜ਼੍ਹਬੀ ਕਿਤਾਬਾਂ), ਰੇਡੀਓ, ਟੀ ਵੀ ਸਭ ਉਰਦੂ ਵਿੱਚ। ਪਿੰਡ ਵਿੱਚ ਤਾਂ ਪੰਜਾਬੀ ਠੀਕ ਸੀ, ਪਰ ਸਰਕਾਰੇ ਦਰਬਾਰੇ ਪੰਜਾਬੀ ਬੋਲਦਿਆਂ ਖ਼ੌਫ਼ ਆਉਂਦਾ ਸੀ, ਮੱਤਾਂ ਅਫ਼ਸਰ ਨਾਰਾਜ਼ ਈ ਨਾ ਹੋ ਜਾਵੇ। ਏਸ ਤੋਂ ਵੱਖ, ਸ਼ਹਿਰ ਵਿੱਚ ਜਾ ਕੇ ਖ਼ੁਦ ਬਖ਼ੁਦ ਪੰਜਾਬੀ ਬੋਲਣ ਲਈ ਜ਼ਬਾਨ ਨੂੰ ਜੰਦਾ ਲੱਗ ਜਾਂਦਾ ਸੀ। ਪੰਜਾਬੀ ਬੋਲਦਿਆਂ ਇੰਝ ਲਗਦਾ ਸੀ ਜਿਵੇਂ ਉਰਦੂ ਬੋਲਦਾ ਬੰਦਾ ਕੋਈ ਬਰਤਰ ਏ ਅਤੇ ਮੈਂ ਉਹਦੇ ਸਾਮ੍ਹਣੇ ਕਮਤਰ ਆਂ।”
ਅਮਾਰ ਸਾਹ ਲੈਂਣ ਲਈ ਕੁਝ ਪਲ ਲਈ ਰੁਕਿਆ ਅਤੇ ਫ਼ੇਰ ਬੋਲਿਆ: ”ਪੰਜਾਬੀ ਵੱਲ ਆ ਕੇ ਮੈਨੂੰ ਇੰਝ ਲਗਦਾ ਏ ਜਿਵੇਂ ਮੈਨੂੰ ਇੱਕ ਬਹੁਤ ਵੱਡੇ ਅਜ਼ਾਬ ਤੋਂ ਨਿਜਾਤ ਮਿਲ ਗਈ ਹੋਵੇ। ਮੈਨੂੰ ਲੱਗੇ ਜਿਵੇਂ ਇੱਕ ਕੈਂਸਰ ਤੋਂ ਸ਼ਫ਼ਾ ਮਿਲ ਗਈ ਹੋਵੇ। ਜਿਵੇਂ ਡਾਕਾ ਮਾਰ ਕੇ ਮੇਰੇ ਕੋਲੋਂ ਖੋਹਿਆ ਮੇਰਾ ਕੁਝ ਬਹੁਤ ਈ ਕੀਮਤੀ ਅਸਾਸਾ ਮੈਨੂੰ ਵਾਪਿਸ ਮਿਲ ਗਿਆ ਹੋਵੇ। ਏਸ ਨਿਜਾਤ ਵਿੱਚ ਤੁਹਾਡਾ ਵੀ ਹਿੱਸਾ ਏ। ਮੈਂ ਤੁਹਾਨੂੰ ਫ਼ੇਸਬੁੱਕ ‘ਤੇ ਪੜ੍ਹਦਾ ਸਾਂ। ਤੁਸੀਂ ਹਮੇਸ਼ਾ ਪੰਜਾਬੀ ਵਿੱਚ ਲਿਖਦੇ ਸੋ, ਮੈਂ ਸੋਚਦਾ ਰਿਹਾ ਕਿ ਇਹ ਬੰਦਾ ਇਤਨਾ ਪੜ੍ਹਿਆ ਲਿਖਿਆ ਏ ਯੌਰਪ ਵਿੱਚ ਰਹਿੰਦਾ ਏ, ਫ਼ਿਰ ਇਹ ਪੰਜਾਬੀ ਵਿੱਚ ਕਿਉਂ ਲਿਖਦਾ ਏ ਅਤੇ ਹਰ ਵੇਲੇ ਪੰਜਾਬੀ ਬਾਰੇ ਕਿਉਂ ਗੱਲ ਕਰਦਾ ਰਹਿੰਦਾ ਏ? ਏਸ ਗੱਲ ਨੇ ਮੈਨੂ ਪ੍ਰੇਰਿਆ ਕਿ ਮੈਂ ਵੀ ਪੰਜਾਬੀ ਵਿੱਚ ਲਿਖਾਂ।
ਅਮਾਰ ਦੀਆਂ ਇਨ੍ਹਾਂ ਗੱਲਾਂ ਮੈਨੂੰ ਖ਼ੁਸ਼ੀ ਤਾਂ ਦੇਣੀ ਈ ਸੀ, ਪਰ ਨਾਲ ਈ ਏਸ ਗੱਲ ਦਾ ਵੀ ਅਹਿਸਾਸ ਕਰਵਾਇਆ ਕਿ ਅਮਾਰ ਜਿਵੇਂ ਇੱਕ ਵਿਛੜੀ ਕੂੰਜ ਸੀ ਜੋ ਡਾਰ ਵਿੱਚ ਫ਼ਿਰ ਆ ਰਲੀ । ਕੋਈ ਟੁੱਟੀਆਂ ਬਾਹਵਾਂ ਗੱਲ ਨੂੰ ਆ ਲੱਗੀਆਂ ਹੋਣ।
ਜਿਵੇਂ ਕੋਈ ਕਾਲੇ ਪਾਣੀ ਦੀ ਸਜ਼ਾ ਕੱਟ ਕੇ ਆਇਆ ਹੋਵੇ ਯਾ ਪ੍ਰਦੇਸ ਵਿੱਚ ਮੁੱਦਤਾਂ ਰਹਿਣ ਮਗਰੋਂ ਘਰ ਮੁੜਿਆ ਹੋਵੇ। ਇਹੋ ਜਿਹੇ ਲੋਕਾਂ ਨੂੰ ਜੀ ਆਈਆਂ ਕਹਿਣਾਂ ਅਤੇ ਗਲ ਨਾਲ ਲਾਉਣਾ ਅਸਾਂ ਪੰਜਾਬੀਆਂ ਦਾ ਫ਼ਰਜ਼ ਏ। ਮੈਂ ਉੱਮੀਦ ਕਰਦਾ ਹਾਂ ਕਿ ਅਮਾਰ ਵਰਗੇ ਹੋਰ ਬਹੁਤ ਸਾਰੇ ਪੰਜਾਬੀ ਨੌਜਵਾਨ ਉਰਦੂ ਦਾ ਬੰਦੀਖ਼ਾਨਾ ਤੋੜ ਕੇ ਬਾਹਰ ਨਿਕਲਣਗੇ। ਇਹ ਅਸਾਂ ਪੰਜਾਬੀਆਂ ਦਾ ਅਸਾਸਾ ਨੇ ਇਨ੍ਹਾਂ ਨੂੰ ਜੀ ਆਈਆਂ ਆਖਣਾ ਅਤੇ ਪੰਜਾਬੀ ਜ਼ਬਾਨ ਦੇ ਕਾਫ਼ਲੇ ਵਿੱਚ ਸ਼ਾਮਿਲ ਕਰ ਕੇ ਇਨ੍ਹਾਂ ਨੂੰ ਨਾਲ਼ ਤੋਰਨਾ ਸਾਡੇ ਲਈ ਇੰਝ ਈ ਅਹਿਮ ਏ ਜਿਵੇਂ ਪੂਜਾ ਅਤੇ ਇਬਾਦਤ।
ਸੱਯਦ ਆਸਿਫ਼ ਸ਼ਾਹਕਾਰ