ਗੁਰੂਕੁਲ ‘ਚ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਵਾਲਾ ਆਚਾਰੀਆ ਕ੍ਰਿਸ਼ਨਾਨੰਦ ਗ੍ਰਿਫਤਾਰ

ਹਿਸਾਰ—ਬਾਬਿਆਂ ਦੇ ਆਸ਼ਰਮਾਂ ‘ਚ ਔਰਤਾਂ ਨਾਲ ਛੇੜਛਾੜ ਅਤੇ ਸੈਕਸ ਸ਼ੋਸ਼ਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਹਰਿਆਣਾ ਦੇ ਹਿਸਾਰ ਦਾ ਹੈ। ਜਿਥੇ ਇਕ ਗੁਰੂਕੁਲ ਦੇ ਸੰਚਾਲਕ ਆਚਾਰੀਆ ਕ੍ਰਿਸ਼ਨਾਨੰਦ ਨੇ 1 ਦਰਜਨ ਤੋਂ ਵੱਧ ਵਿਦਿਆਰਥਣਾਂ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕੀਤੀਆਂ। ਵਿਦਿਆਰਥਣਾਂ ਦੀ ਸ਼ਿਕਾਇਤ ‘ਤੇ ਪੁਲਸ ਨੇ ਅੱਜ ਮੁਲਜ਼ਮ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਹੈ।
ਮਾਮਲਾ ਹਿਸਾਰ ਦੇ ਇਕ ਪਿੰਡ ਦਾ ਹੈ, ਜਿਥੇ ਕੰਨਿਆ ਗੁਰੂਕੁਲ ‘ਚ ਵਿਦਿਆਰਥਣਾਂ ਦਾ ਸੈਕਸ ਸ਼ੋਸ਼ਣ ਕੀਤਾ ਜਾ ਰਿਹਾ ਸੀ। ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਕ ਵਿਦਿਆਰਥਣ ਨੇ ਖੁਦ ਮਹਿਲਾ ਹੈਲਪਲਾਈਨ ਨੂੰ ਫੋਨ ਕਰਕੇ ਹੱਡਬੀਤੀ ਸੁਣਾਈ। ਡੀ. ਐੱਸ. ਪੀ. ਨਰਿੰਦਰ ਕਾਦਿਆਨ ਨੇ ਦੱਸਿਆ ਕਿ ਗੁਰੂਕੁਲ ‘ਚ ਪੜ੍ਹਨ ਵਾਲੀ ਇਕ ਵਿਦਿਆਰਥਣ ਨੇ ਹੈਲਪਲਾਈਨ ‘ਤੇ ਫੋਨ ਕੀਤਾ ਅਤੇ ਗੁਰੂਕੁਲ ਦੇ ਸੰਚਾਲਕ ਦੀਆਂ ਕਰਤੂਤਾਂ ਬਾਰੇ ਦੱਸਿਆ। ਥਾਣਾ ਸਦਰ ਦੇ ਇੰਚਾਰਜ ਓਮੇਦ ਸਿੰਘ ਪੁਲਸ ਪਾਰਟੀ ਸਣੇ ਮੌਕੇ ‘ਤੇ ਪੁੱਜੇ ਅਤੇ ਪ੍ਰਬੰਧਕ ਕਮੇਟੀ ਦੇ ਸਾਹਮਣੇ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ। ਪੁਲਸ ਨੂੰ ਦੇਖ ਕੇ ਲੜਕੀਆਂ ਨੇ ਗੁਰੂਕੁਲ ਦੇ ਸੰਚਾਲਕ ਆਚਾਰੀਆ ਕ੍ਰਿਸ਼ਨਾਨੰਦ ਤੇ ਸੰਚਾਲਕਾ ‘ਤੇ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਗੰਭੀਰ ਦੋਸ਼ ਲਾਏ।
ਵਿਦਿਆਰਥਣਾਂ ਦੀ ਗੱਲ ਸੁਣਨ ਮਗਰੋਂ ਪੁਲਸ ਨੇ ਤੁਰੰਤ ਮੁਲਜ਼ਮ ਕ੍ਰਿਸ਼ਨਾਨੰਦ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦੇ ਸਾਹਮਣੇ ਇਕ ਦਰਜਨ ਤੋਂ ਵੱਧ ਵਿਦਿਆਰਥਣਾਂ ਨੇ ਆਪਣੇ ਬਿਆਨ ਦਰਜ ਕਰਵਾਏ। ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਕ੍ਰਿਸ਼ਨਾਨੰਦ ਅਤੇ ਪ੍ਰਿੰਸੀਪਲ ਸੁਨੀਤਾ ਸ਼ਰਮਾ ਵਿਰੁੱਧ ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ। ਵਰਨਣਯੋਗ ਹੈ ਕਿ ਗੁਰੂਕੁਲ ਵਿਚ ਕੁਲ 350 ਵਿਦਿਆਰਥਣਾਂ ਪੜ੍ਹਦੀਆਂ ਹਨ, ਲਗਭਗ 70 ਵਿਦਿਆਰਥਣਾਂ ਹੋਸਟਲ ਵਿਚ ਰਹਿੰਦੀਆਂ ਹਨ। ਸੈਕਸ ਸ਼ੋਸ਼ਣ ਦਾ ਖੁਲਾਸਾ ਹੋਣ ‘ਤੇ ਕਈ ਲੜਕੀਆਂ ਨੇ ਗੁਰੂਕੁਲ ਛੱਡ ਦਿੱਤਾ ਹੈ।