ਫ਼ਿਲਮ ਨਿਰਮਾਤਾ ਅਸ਼ਵਿਨੀ ਅੱਯਰ ਤਿਵਾਰੀ ਆਪਣੀ ਅਗਲੀ ਫ਼ਿਲਮ ਪੰਗਾ ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਫ਼ਿਲਮ ‘ਚ ਕੰਗਨਾ ਰਨੌਤ, ਨੀਨਾ ਗੁਪਤਾ, ਪੰਕਚ ਤ੍ਰਿਪਾਠੀ ਅਤੇ ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਵਰਗੇ ਸਿਤਾਰਿਆਂ ਦੇ ਨਾਂ ਪਹਿਲਾਂ ਹੀ ਫ਼ਾਈਨਲ ਹੋ ਚੁੱਕੇ ਹਨ। ਹੁਣ ਇਸ ਪ੍ਰੌਜੈਕਟ ਵਿੱਚ ਫ਼ਿਲਮ ਲਵ ਸੋਨੀਆ ‘ਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਚੁੱਕੀ ਅਦਾਕਾਰਾ ਰਿਚਾ ਚੱਢਾ ਦਾ ਨਾਂ ਵੀ ਜੁੜ ਗਿਆ ਹੈ। ਫ਼ਿਲਮ ਪੰਗਾ ਦੀ ਸ਼ੂਟਿੰਗ ਜਲਦੀ ਸ਼ੁਰੂ ਹੋ ਜਾਵੇਗੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ਕੰਗਨਾ, ਰਿਚਾ, ਜੱਸੀ ਅਤੇ ਨੀਨਾ ਗੁਪਤਾ ਇਕੱਠੇ ਕਿਸੇ ਫ਼ਿਲਮ ‘ਚ ਕੰਮ ਕਰਨਗੇ। ਜਦਕਿ ਰਿਚਾ ਚੱਢਾ ਅਤੇ ਅਦਾਕਾਰ ਪੰਕਜ ਤ੍ਰਿਪਾਠੀ ਪਹਿਲਾਂ ਵੀ ਫ਼ੁਕਰੇ ਅਤੇ ਫ਼ੁਕਰੇ 2 ਫ਼ਿਲਮਾਂ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਦੂਜੇ ਪਾਸੇ ਅਸ਼ਵਿਨੀ ਨੇ ਇਸ ਤੋਂ ਪਹਿਲਾਂ ਬਰੇਲੀ ਕੀ ਬਰਫ਼ੀ ਅਤੇ ਨੀਲ ਬਟੇ ਸੱਨਾਟਾ ਵਰਗੀਆਂ ਫ਼ਿਲਮਾਂ ਡਾਇਰੈਕਟ ਕਰ ਚੁੱਕੀ ਹੈ। ਫ਼ੌਕਸ ਸਟਾਰ ਸਟੂਡੀਓ ਦੇ ਬੈਨਰ ਹੇਠਾਂ ਬਣਨ ਜਾ ਰਹੀ ਇਸ ਫ਼ਿਲਮ ਦੀ ਕਹਾਣੀ ਇੱਕ ਅਜਿਹੇ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ ਜਿਹੜਾ ਇਕੱਠੇ ਹੱਸਦਾ ਹੈ, ਰੋਂਦਾ ਹੈ, ਸੁਪਨੇ ਦੇਖਦਾ ਹੈ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਇੱਕ ਦੂਜੇ ਦਾ ਸਾਥ ਦਿੰਦਾ ਹੈ। ਫ਼ਿਲਮ ‘ਚ ਕਬੱਡੀ ਖਿਡਾਰਨ
ਦੀ ਭੂਮਿਕਾ ਨਿਭਾ ਰਹੀ ਕੰਗਨਾ ਨੇ ਕਿਹਾ ਕਿ ਜਦੋਂ ਉਸ ਨੂੰ ਅਸ਼ਵਿਨੀ ਨੇ ਪੰਗਾ ਫ਼ਿਲਮ ਦੀ ਕਹਾਣੀ ਸੁਣਾਈ ਤਾਂ ਉਸ ਨੂੰ ਬਹੁਤ ਪਸੰਦ ਆਈ। ਕੰਗਨਾ ਨੇ ਅੱਗੇ ਕਿਹਾ, ”ਮੇਰਾ ਪਰਿਵਾਰ ਸ਼ੁਰੂ ਤੋਂ ਹੀ ਮੇਰੀ ਤਾਕਤ ਰਿਹਾ ਹੈ, ਅਤੇ ਹਮੇਸ਼ਾ ਮੇਰੇ ਚੰਗੇ ਤੇ ਮਾੜੇ ਦਿਨਾਂ ‘ਚ ਮੇਰਾ ਸਾਥ ਦਿੰਦਾ ਰਿਹਾ ਹੈ। ਇਸ ਲਈ ਮੈਂ ਪੰਗਾ ਫ਼ਿਲਮ ਦੀ ਕਹਾਣੀ ਨਾਲ ਆਪਣੇ ਆਪ ਨੂੰ ਜੋੜ ਕੇ ਦੇਖ ਸਕਦੀ ਹਾਂ।” ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਕੰਗਨਾ ਅਤੇ ਰਿਚਾ ਦੀ ਜੋੜੀ ਨੂੰ ਪਰਦੇ ‘ਤੇ ਇਕੱਠੇ ਵੇਖਣਾ ਕਾਫ਼ੀ ਦਿਲਚਸਪ ਹੋਵੇਗਾ। ਦੋਹੇਂ ਅਭਿਨੇਤਰੀਆਂ ਆਪਣੀ ਅਦਾਕਾਰੀ ਲਈ ਬੌਲੀਵੁਡ ‘ਚ ਜਾਣੀਆਂ ਜਾਂਦੀਆਂ ਹਨ। ਦੂਜੇ ਪਾਸੇ ਪੰਜਾਬੀ ਗਾਇਕ ਜੱਸੀ ਗਿੱਲ ਦੀ ਇਹ ਦੂਜੀ ਬੌਲੀਵੁੱਡ ਫ਼ਿਲਮ ਹੋਵੇਗੀ।