ਆਪਣੇ ਕਾਰੋਬਾਰ ਦੇ ਸਵਾਲਾਂ ‘ਤੇ ਬੋਲ ਹੀ ਪਏ ਸ੍ਰੀ ਅਕਾਲ ਤਖਤ ਦੇ ਜੱਥੇਦਾਰ

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਆਪਣੇ ਬੇਟੇ ਦੇ ਕਾਰੋਬਾਰ ਅਤੇ ਜਾਇਦਾਦ ਸਬੰਧੀ ਉੱਠੇ ਵਿਵਾਦ ‘ਤੇ ਬੋਲਦਿਆਂ ਕਿਹਾ ਹੈ ਕਿ ਜੇਕਰ ਚਾਹ ਵੇਚਣ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਤਾਂ ਸੇਵਾਦਾਰ ਤੋਂ ਜੱਥੇਦਾਰ ਅਤੇ ਜੱਥੇਦਾਰ ਦਾ ਬੇਟਾ ਕਾਰੋਬਾਰੀ ਕਿਉਂ ਨਹੀਂ ਬਣ ਸਕਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਮਿਹਨਤ ਅਤੇ ਤਰੱਕੀ ਕਰਨਾ ਜ਼ੁਰਮ ਹੈ ਤਾਂ ਸਰਕਾਰ ਉਨ੍ਹਾਂ ਦੇ ਪਰਿਵਾਰ ਖਿਲਾਫ ਕਾਰਵਾਈ ਕਰੇ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ‘ਚ ਪੱਟੀ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਜੱਥੇਦਾਰ ਦੇ ਬੇਟੇ ਮਨਜਿੰਦਰ ਪਾਲ ਸਿੰਘ ਦੇ ਕਾਰੋਬਾਰ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਨੇ ਵਿਧਾਨ ਸਭਾ ‘ਚ ਜੱਥੇਦਾਰ ਦਾ 3 ਤਾਰਾ ਹੋਟਲ, ਕੋਠੀਆਂ ਦਾ ਮਾਲਕ ਤੇ ਪੰਜਾਬ ਦੀਆਂ ਪਸ਼ੂ ਮੰਡੀਆਂ ਦਾ ਠੇਕੇਦਾਰ ਬਣਨ ‘ਤੇ ਸਵਾਲ ਖੜ੍ਹੇ ਕੀਤੇ ਸਨ। ਜੱਥੇਦਾਰ ਨੇ ਕਿਹਾ ਕਿ ਉਨ੍ਹਾਂ ਨੇ 40 ਸਾਲਾਂ ਤੱਕ ਗੁਰੂਘਰ ਦੀ ਸੇਵਾ ਕੀਤੀ, ਇਸ ਤੋਂ ਬਾਅਦ ਹੀ ਉਹ ਸੇਵਾਦਾਰ ਤੋਂ ਜੱਥੇਦਾਰ ਦੇ ਅਹੁਦੇ ਤੱਕ ਪੁੱਜੇ ਹਨ। ਉਸੇ ਤਰ੍ਹਾਂ ਹੀ ਉਨ੍ਹਾਂ ਦੇ ਬੇਟੇ ਮਨਜਿੰਦਰ ਪਾਲ ਸਿਘ ਨੇ ਕੱਪੜੇ ਦੀ ਦੁਕਾਨ ਤੋਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਅਤੇ ਇਸ ਤੋਂ ਬਾਅਦ ਉਸ ਨੇ ਜਾਇਦਾਦ ਅਤੇ ਹੋਰ ਕਾਰੋਬਾਰ ‘ਚ ਵੀ ਭਾਈਵਾਲਾਂ ਨਾਲ ਮਿਲ ਕੇ ਤਰੱਕੀ ਕੀਤੀ ਹੈ। ਹੋਟਲ ਸਬੰਧੀ ਉੱਠੇ ਸਵਾਲ ‘ਤੇ ਉਨ੍ਹਾਂ ਨੇ ਕਿਹਾ ਕਿ ਬੈਂਕ ਤੋਂ ਕਰਜ਼ਾ ਲੈ ਕੇ ਹੋਟਲ ਬਣਾਇਆ ਗਿਆ ਹੈ ਅਤੇ ਅਜਿਹਾ ਕਰਨਾ ਕੋਈ ਗੁਨਾਹ ਨਹੀਂ ਹੈ।