ਬੌਲੀਵੁਡ ਅਦਾਕਾਰ ਟਾਈਗਰ ਸ਼ਰੌਫ਼ ਦਾ ਕਹਿਣਾ ਹੈ ਕਿ ਅਫ਼ਵਾਹਾਂ ਅਤੇ ਝੂਠੀਆਂ ਗੱਲਾਂ ਨਾਲ ਸਲੈਬ੍ਰਿਟੀਜ਼ ਨੂੰ ਕੋਈ ਫ਼ਰਕ ਨਹੀਂ ਪੈਂਦਾ ਅਤੇ ਇਹ ਸਭ ਤਾਂ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਹਨ। ਹਾਲ ਹੀ ‘ਚ ਰਿਤਿਕ ਰੋਸ਼ਨ ਅਤੇ ਦਿਸ਼ਾ ਪਾਟਨੀ ‘ਚ ਅਣਬਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਕਿਹਾ ਜਾ ਰਿਹਾ ਸੀ ਕਿ ਦਿਸ਼ਾ ਨਾਲ ਰਿਤਿਕ ਨੇ ਮਾੜਾ ਵਰਤਾਅ ਕੀਤਾ ਹੈ, ਅਤੇ ਇਸ ਕਾਰਨ ਦਿਸ਼ਾ ਦੇ ਹੱਥੋਂ ਇੱਕ ਫ਼ਿਲਮ ਵੀ ਨਿਕਲ ਗਈ। ਇਸ ‘ਤੇ ਦੋਹਾਂ ਦੀਆਂ ਪ੍ਰਤੀਕਿਰਿਆਵਾਂ ਆਈਆਂ ਸਨ। ਇਸ ਬਾਰੇ ਦਿਸ਼ਾ ਦੇ ਖ਼ਾਸ ਦਿਸ਼ਾ ਮੰਨੇ ਜਾਂਦੇ ਟਾਈਗਰ ਨੇ ਵੀ ਬਿਆਨ ਦਿੱਤਾ ਹੈ। ਟਾਈਗਰ ਨੇ ਕਿਹਾ ਹੈ ਕਿ ਇਹ ਸਭ ਬੌਲੀਵੁਡ ਦਾ ਹਿੱਸਾ ਹੈ, ਅਤੇ ਅਜਿਹਾ ਹੋਣਾ ਆਮ ਗੱਲ ਹੈ। ਟਾਈਗਰ ਨੇ ਕਿਹਾ ਕਿ ਜਦੋਂ ਅਸੀਂ ਚਰਚਾ ‘ਚ ਹੁੰਦੇ ਹਾਂ ਤਾਂ ਅਜਿਹੀਆਂ ਗੱਲਾਂ ਤਾਂ ਫ਼ਿਰ ਸਾਡੇ ਬਾਰੇ ਆਮ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ, ਪਰ ਇਸ ਨਾਲ ਸਲੈਬ੍ਰਿਟੀਜ਼ ‘ਤੇ ਕੋਈ ਅਸਰ ਨਹੀਂ ਪੈਂਦਾ। ਟਾਈਗਰ ਨੇ ਕਿਹਾ ਕਿ ਉਹ ਰਿਤਿਕ ਅਤੇ ਦਿਸ਼ਾ ਨੂੰ ਕਾਫ਼ੀ ਚੰਗੀ ਤਰ੍ਹਾਂ ਜਾਣਦਾ ਹੈ, ਅਤੇ ਉਹ ਦੋਹੇਂ ਅਜਿਹਾ ਕੁੱਝ ਨਹੀਂ ਕਰ ਸਕਦੇ। ਜ਼ਿਕਰਯੋਗ ਹੈ ਕਿ ਟਾਈਗਰ ਸ਼ਰੌਫ਼ ਦੀ ਅਗਲੀ ਫ਼ਿਲਮ ਸਟੂਡੈਂਟ ਔਫ਼ ਦਾ ਯੀਅਰ ਹੈ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਦਿਸ਼ਾ ਪਟਾਨੀ ਇਸ ਸਮੇਂ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ ਅਤੇ ਰਿਤਿਕ ਰੌਸ਼ਨ ਸੁਪਰ 30 ਫ਼ਿਲਮ ‘ਚ ਰੁੱਝਿਆ ਹੋਇਆ ਹੈ। ਵੈਸੇ, ਟਾਈਗਰ ਅਤੇ ਰਿਤਿਕ ਇੱਕਠੇ ਇੱਕ ਫ਼ਿਲਮ ਕਰਨ ਵਾਲੇ ਹਨ, ਪਰ ਅਜੇ ਇਸ ਫ਼ਿਲਮ ਦਾ ਨਾਂ ਫ਼ਾਈਨਲ ਨਹੀਂ ਹੋਇਆ।