ਆਮਿਰ ਨੇ ਰੋਕੀ ਓਸ਼ੋ ਦੀ ਬਾਇਓਪਿਕ
ਅਦਾਕਾਰ ਆਮਿਰ ਖ਼ਾਨ ਅਤੇ ਬਿੱਗ ਬੀ, ਯਾਨੀ ਅਮਿਤਾਭ ਬੱਚਨ, ਦੀ 200 ਕਰੋੜ ਦੇ ਬਜਟ ਵਾਲੀ ਫ਼ਿਲਮ ਠੱਗਜ਼ ਔਫ਼ ਹਿੰਦੁਸਤਾਨ ਲੰਬੇ ਸਮੇਂ ਤੋਂ ਰਿਲੀਜ਼ ਦੀ ਉਡੀਕ ‘ਚ ਹੈ। ਹਾਲਾਂਕਿ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਆਮਿਰ ਅਤੇ ਅਮਿਤਾਭ ਆਪਣੇ ਅਗਲੇ ਪ੍ਰੌਜੈਕਟ ‘ਚ ਵੀ ਰੁੱਝ ਚੁੱਕੇ ਹਨ। ਕੁੱਝ ਦਿਨ ਪਹਿਲਾਂ ਆਮਿਰ ਬਾਰੇ ਇੱਕ ਜਾਣਕਾਰੀ ਸਾਹਮਣੇ ਆਈ ਸੀ ਕਿ ਉਸ ਦੀ ਅਗਲੀ ਫ਼ਿਲਮ ਓਸ਼ੋ ‘ਤੇ ਇੱਕ ਬਾਇਓਪਿਕ ਹੋਵੇਗੀ। ਇਸ ਫ਼ਿਲਮ ‘ਚ ਅਦਾਕਾਰਾ ਆਲੀਆ ਭੱਟ ਦਾ ਰੋਲ ਵੀ ਲਗਭਗ ਤੈਅ ਹੋ ਚੁੱਕਾ ਸੀ। ਹੁਣ ਖ਼ਬਰ ਮਿਲੀ ਹੈ ਕਿ ਆਮਿਰ ਦਾ ਇਹ ਪ੍ਰੌਜੈਕਟ ਅਧੂਰਾ ਰਹਿ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਆਮਿਰ ਹੁਣ ਸਿਰਫ਼ ਆਪਣੇ ਸਭ ਤੋਂ ਵੱਡੇ ਪ੍ਰੌਜੈਕਟ ਮਹਾਭਾਰਤ ‘ਤੇ ਹੀ ਕੰਮ ਕਰਨਾ ਚਾਹੁੰਦਾ ਹੈ।
ਜਾਣਕਾਰੀ ਮੁਤਾਬਿਕ, ਆਮਿਰ ਨੇ ਇਸ ਪ੍ਰੌਜੈਕਟ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਉਹ ਆਪਣੇ ਅਗਲੇ 10 ਸਾਲ ਇਸ ਪ੍ਰੌਜੈਕਟ ਨੂੰ ਦੇਣਾ ਚਾਹੁੰਦਾ ਹੈ। ਇਸ ਦੌਰਾਨ ਉਸ ਨੇ ਫ਼ੈਸਲਾ ਕੀਤਾ ਕਿ ਉਹ ਓਸ਼ੋ ਦੀ ਬਾਇਓਪਿਕ ‘ਤੇ ਵੀ ਨਾਲ ਹੀ ਕੰਮ ਕਰੇਗਾ। ਇਸ ਬਾਇਓਪਿਕ ਲਈ ਆਮਿਰ ਨੇ ਲੁੱਕ ਟੈੱਸਟ ਦੇਣੇ ਸ਼ੁਰੂ ਕਰ ਦਿੱਤੇ ਸਨ, ਪਰ ਉਸ ਨੂੰ ਆਪਣਾ ਕੋਈ ਵੀ ਲੁੱਕ ਓਸ਼ੋ ਦੀ ਤਰ੍ਹਾਂ ਨਹੀਂ ਲੱਗਾ। ਇਸ ਤੋਂ ਹਾਰ ਮੰਨ ਕੇ ਉਸ ਨੇ ਫ਼ਿਲਹਾਲ ਇਸ ਪ੍ਰੌਜੈਕਟ ਨੂੰ ਵਿਚਾਲੇ ਹੀ ਰੋਕ ਦਿੱਤਾ ਹੈ। ਆਮਿਰ ਕਿਸੇ ਚੀਜ਼ ਤੋਂ ਜਦੋਂ ਤਕ ਸੰਤੁਸ਼ਟ ਨਹੀਂ ਹੁੰਦਾ ਤਦ ਤਕ ਅੱਗੇ ਨਹੀਂ ਵਧਦਾ। ਇਸ ਲਈ ਉਸ ਨੇ ਓਸ਼ੋ ਦੀ ਬਾਇਓਪਿਕ ਰੋਕਣ ਦਾ ਫ਼ੈਸਲਾ ਲੈਣਾ ਹੀ ਠੀਕ ਸਮਝਿਆ। ਇਹ ਫ਼ਿਲਮ ਧਰਮਾ ਪ੍ਰੋਡਕਸ਼ਨ ਦੁਆਰਾ ਬਣਾਈ ਜਾ ਰਹੀ ਹੈ। ਦੂਜੇ ਪਾਸੇ, ਆਮਿਰ ਦੀ ਠੱਗਜ਼ ਔਫ਼ ਹਿੰਦੁਸਤਾਨ ਦੇ ਇਸ ਸਾਲ ਦੀਵਾਲੀ ਦੇ ਮੌਕੇ ‘ਤੇ ਰਿਲੀਜ਼ ਹੋਣ ਦੀ ਆਸ ਹੈ। ਇਸ ਫ਼ਿਲਮ ‘ਚ ਕੈਟਰੀਨਾ ਕੈਫ਼ ਵੀ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।