ਹੈਲੀਕਾਪਟਰ ਤੋਂ ਧਰਤੀ ਦੀਆਂ ਹਕੀਕਤਾਂ ਨਜ਼ਰ ਨਹੀਂ ਆਉਂਦੀਆਂ ਕੈਪਟਨ ਸਾਹਿਬ- ਹਰਪਾਲ ਸਿੰਘ ਚੀਮਾ
ਚੰਡੀਗੜ੍ਹ : 2018 ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਅੰਦਰ ਭਾਰੀ ਬਰਸਾਤ ਅਤੇ ਦਰਿਆਈ ਖੇਤਰਾਂ ‘ਚ ਹੜ੍ਹਾਂ ਕਾਰਨ ਫ਼ਸਲਾਂ ਖ਼ਾਸ ਕਰ ਕੇ ਝੋਨੇ ਦੀ ਤਿਆਰ ਫ਼ਸਲ ਦੇ ਹੋਏ ਨੁਕਸਾਨ ਦੀ ਭਰਪਾਈ ਲਈ 100 ਫ਼ੀਸਦੀ ਮੁਆਵਜ਼ੇ ਦੀ ਮੰਗ ਕੀਤੀ ਹੈ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ , ਪ੍ਰੋ. ਸਾਧੂ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਝੋਨਾ, ਬਾਸਮਤੀ ਅਤੇ ਨਰਮੇ ਦਾ ਭਾਰੀ ਨੁਕਸਾਨ ਹੋਇਆ ਹੈ। ਪੰਜਾਬ ਦੀ ਕਰਜ਼ਾਈ ਕਿਸਾਨੀ ਇਸ ਨੁਕਸਾਨ ਦੀ ਮਾਰ ਝੱਲਣ ਤੋਂ ਪੂਰੀ ਤਰ੍ਹਾਂ ਅਸਮਰਥ ਹੈ। ਇਸ ਲਈ ਸੂਬਾ ਸਰਕਾਰ ਫ਼ਸਲਾਂ ਦੇ ਨੁਕਸਾਨ ਦੀ 100 ਫ਼ੀਸਦੀ ਭਰਪਾਈ ਯਕੀਨੀ ਬਣਾਵੇ। ਕਿਸਾਨਾਂ-ਮਜ਼ਦੂਰਾਂ ਦੇ ਵਡੇਰੇ ਹਿਤਾਂ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੀ ਪੰਜਾਬ ਸਰਕਾਰ ਦੀ ਦਿਲ ਖੋਲ੍ਹ ਕੇ ਆਰਥਿਕ ਮਦਦ ਕਰੇ।
ਭਗਵੰਤ ਮਾਨ ਨੇ ਕਿਹਾ ਕਿ ਅੱਜ ਵੀ ਖੇਤੀਬਾੜੀ ਹੀ ਸੂਬਾ ਅਤੇ ਕੇਂਦਰ ਸਰਕਾਰ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ, ਅਫ਼ਸੋਸ ਇਸ ਗੱਲ ਦਾ ਹੈ ਕਿ ਘੋਰ ਸੰਕਟਾਂ ‘ਚ ਘਿਰੇ ਅੰਨਦਾਤਾ ਕਿਸਾਨ ਅਤੇ ਖੇਤ ਮਜ਼ਦੂਰਾਂ ਦੀ ਨਾ ਕਦੇ ਕੇਂਦਰ ਅਤੇ ਨਾ ਹੀ ਪੰਜਾਬ ਦੀਆਂ ਅਕਾਲੀ-ਭਾਜਪਾ ਅਤੇ ਕਾਂਗਰਸੀ ਸਰਕਾਰਾਂ ਨੇ ਬਾਂਹ ਫੜੀ ਹੈ। ਖੇਤੀਬਾੜੀ ਨੂੰ ਹਾਸ਼ੀਏ ਦੀ ਹੱਦ ਤੋਂ ਬਾਹਰ ਸੁੱਟ ਦਿੱਤਾ ਗਿਆ ਹੈ। ਦਸ ਹਜ਼ਾਰ ਰੁਪਏ ਦੇ ਮੋਬਾਈਲ ਫ਼ੋਨ ਦਾ ਬੀਮਾ ਕੀਤਾ ਜਾ ਰਿਹਾ ਹੈ ਪਰੰਤੂ ਕਿਸਾਨ ਦੀ ਲੱਖਾਂ ਦੀ ਫ਼ਸਲ ਦੇ ਬੀਮੇ ਦੀ ਕੋਈ ਸਹੂਲਤ ਨਹੀਂ ਹੈ। ਚੋਣਾਂ ਮੌਕੇ ਕਿਸਾਨਾਂ ਨਾਲ ਬੀਮਾ ਸਕੀਮਾਂ, ਕਰਜ਼ਾ ਮੁਆਫ਼ੀ ਤੋਂ ਲੈ ਕੇ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ, ਪਰੰਤੂ ਸੱਤਾ ਸੰਭਾਲਦਿਆਂ ਹੀ ਮੁੱਕਰ ਜਾਂਦੇ ਹਨ। ਵਾਅਦੇ ਮੁੱਕਰਨ ‘ਚ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਅਤੇ ਨਰਿੰਦਰ ਮੋਦੀ ਇੱਕ ਦੂਸਰੇ ਤੋਂ ਵੱਧ ਹਨ। ਹੁਣ ਸੰਕਟ ਦੇ ਸਮੇਂ ‘ਚ ਆਪਣੀਆਂ ਜ਼ਿੰਮੇਵਾਰੀਆਂ ਅਤੇ ਫ਼ਰਜ਼ ਇੱਕ ਦੂਸਰੇ ‘ਤੇ ਸੁੱਟਣ ਲੱਗ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਮੋਦੀ ਸਰਕਾਰ ਵੱਲੋਂ ਵੀਹ ਅੜਿੱਕੇ ਲਗਾਉਣ ਦੇ ਬਾਵਜੂਦ ਦਿੱਲੀ ਦੀ ਦਿਹਾਤੀ ਇਲਾਕਿਆਂ ਦੇ ਕਿਸਾਨਾਂ ਨੂੰ ਫ਼ਸਲਾਂ ਦੇ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਪਟਵਾਰੀਆਂ-ਕਾਨੂੰਗੋਆਂ ਦੇ ਚੱਕਰਾਂ ਤੋਂ ਬਿਨਾ ਸਿੱਧਾ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇ ਸਕਦਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ‘ਫ਼ੁਲ ਪਾਵਰਡ’ ਮੁੱਖ ਮੰਤਰੀ ਹੋਣ ਦੇ ਨਾਤੇ ਕਿਸਾਨਾਂ ਨੂੰ ਬਣਦੀ ਵਿੱਤੀ ਰਾਹਤ ਕਿਉਂ ਨਹੀਂ ਦੇ ਸਕਦੇ?
ਇਸ ਦੇ ਨਾਲ ਹੀ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਜਦ ਵੀ ਕਿਸਾਨ ਕਿਸੇ ਆਫ਼ਤ ਜਾਂ ਘਾਟੇ ਦਾ ਸ਼ਿਕਾਰ ਹੁੰਦਾ ਹੈ ਤਾਂ ਖੇਤ ਮਜ਼ਦੂਰ ਅਤੇ ਉਸ ਦਾ ਪਰਿਵਾਰ ਸਭ ਤੋਂ ਵਧ ਪ੍ਰਭਾਵਿਤ ਹੁੰਦਾ ਹੈ। ਇਸ ਲਈ ਕਿਸਾਨਾਂ ਨੂੰ ਮੁਆਵਜ਼ੇ ਦੇ ਨਾਲ-ਨਾਲ ਖੇਤ ਮਜ਼ਦੂਰਾਂ ਨੂੰ ਵੀ ਵਿੱਤੀ ਰਾਹਤ ਦੇਣ ਵਾਲੀ ਠੋਸ ਨੀਤੀ ਦੀ ਜ਼ਰੂਰਤ ਹੈ।
ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਵੱਲੋਂ ਪਾਣੀ ਨਾਲ ਪ੍ਰਭਾਵਿਤ ਖੇਤਰਾਂ ਦੇ ਹਵਾਈ ਦੌਰੇ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਹੈਲੀਕਾਪਟਰ ਤੋਂ ਕਿਸਾਨਾਂ-ਮਜ਼ਦੂਰਾਂ ਦੀਆਂ ਹਕੀਕੀ ਦਿੱਕਤਾਂ ਨਾ ਨਜ਼ਰ ਆਉਂਦੀਆਂ ਹਨ ਅਤੇ ਨਾ ਹੀ ਸਮਝ ਪੈਂਦੀਆਂ ਹਨ। ਕਿਸਾਨਾਂ-ਗ਼ਰੀਬਾਂ ਲਈ ਹਮੇਸ਼ਾ ਖ਼ਜ਼ਾਨੇ ਦੇ ਸੰਕਟ ਦਾ ਰਾਗ ਅਲਾਪਣਾ ਅਤੇ ਖ਼ੁਦ ਹੈਲੀਕਾਪਟਰ ਤੋਂ ਥੱਲੇ ਨਾ ਉੱਤਰਨਾ ਵਿਰੋਧਾਂ ਭਾਸ਼ੀ ਗੱਲਾਂ ਹਨ।
ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਅਹੁਦੇਦਾਰਾਂ ਦੀ ਅਗਵਾਈ ‘ਚ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਜਾ ਰਹੀਆਂ ਹਨ, ਜਿਸ ਤਹਿਤ ਉਹ ਕੱਲ੍ਹ, ਵੀਰਵਾਰ ਨੂੰ ਘੱਗਰ ਅਤੇ ਬਾਅਦ ‘ਚ ਮਾਝੇ ਅਤੇ ਦੁਆਬੇ ਦੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ।
ਚੀਮਾ ਨੇ ਸੰਕਟ ਦੀ ਇਸ ਘੜੀ ‘ਚ ਪੰਜਾਬ ਦੇ ਲੋਕਾਂ ਵੱਲੋਂ ਇੱਕ ਦੂਸਰੇ ਦਾ ਸਹਿਯੋਗ ਕਰਨ ਦੀ ਅਪੀਲ ਦੇ ਨਾਲ-ਨਾਲ ਯਕੀਨ ਦਿਵਾਇਆ ਹੈ ਕਿ ਆਮ ਆਦਮੀ ਪਾਰਟੀ ਉਨ੍ਹਾਂ ਦੀ ਹੱਕ ਸੱਚ ਦੀ ਲੜਾਈ ਅੰਜਾਮ ਤੱਕ ਜਾਰੀ ਰੱਖੇਗੀ।