ਸ਼ਿਮਲਾ – ਪੰਜਾਬ ਵਿਚ ਬਣਿਆ ਹੜ੍ਹ ਦਾ ਖਤਰਾ ਫਿਲਹਾਲ ਟਲ ਗਿਆ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਵਿਚ ਬਿਆਸ ਨਦੀ ‘ਤੇ ਪੋਂਗ ਡੈਮ ਤੋਂ ਜ਼ਿਆਦਾ ਪਾਣੀ ਛੱਡਣ ਦੀ ਯੋਜਨਾ ਬੁੱਧਵਾਰ ਸਵੇਰ ਤੱਕ ਲਈ ਟਾਲ ਦਿੱਤੀ ਗਈ ਹੈ, ਜਿਸ ਨਾਲ ਇਸ ਸੂਬੇ ਅਤੇ ਪੰਜਾਬ ਵਿਚ ਹੇਠਲੇ ਖੇਤਰਾਂ ਵਿਚ ਰਹਿ ਰਹੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ।
ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਪੰਜਾਬ ਵਿੱਚ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਗਿਆ ਸੀ। ਜਲੰਧਰ, ਤਰਨ ਤਾਰਨ ਆਦਿ ਜ਼ਿਲਿਆਂ ਵਿੱਚ ਜ਼ਿਆਦਾ ਮੀਂਹ ਪੈਣ ਕਾਰਨ ਇੱਕ ਲੜਕੀ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਚੁੱਕੀ ਹੈ।
ਸੂਬੇ ਦੇ ਚਾਰ ਦਰਿਆਵਾਂ ਸਤਲੁਜ, ਬਿਆਸ, ਰਾਵੀ ਅਤੇ ਘੱਗਰ ਦੇ ਘੇਰੇ ਵਿੱਚ ਆਉਂਦੇ ਪਿੰਡਾਂ ਤੇ ਸ਼ਹਿਰਾਂ ’ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ, ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਚੌਕਸ ਕੀਤਾ ਗਿਆ ਹੈ। ਹੜ੍ਹਾਂ ਵਰਗੀ ਸਥਿਤੀ ਨੂੰ ਦੇਖਦਿਆਂ ਫ਼ੌਜ ਨੂੰ ਤਿਆਰ ਰਹਿਣ ਲਈ ਵੀ ਕਿਹਾ ਗਿਆ ਹੈ। ਕੇਂਦਰੀ ਜਲ ਕਮਿਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਲਾਂਕਿ ਮੰਡੀ ਜ਼ਿਲੇ ਵਿਚ ਪੰਡੋਹ ਡੈਮ ਤੋਂ ਜ਼ਿਆਦਾ ਪਾਣੀ ਮੰਗਲਵਾਰ ਸਵੇਰੇ 11 ਵਜੇ ਛੱਡ ਦਿੱਤਾ ਗਿਆ ਸੀ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੋਂਗ ਡੈਮ ਤੋਂ ਪਾਣੀ ਛੱਡਣ ਦੀ ਯੋਜਨਾ ਬੁੱਧਵਾਰ ਸਵੇਰ ਤੱਕ ਲਈ ਟਾਲ ਦਿੱਤੀ ਗਈ ਹੈ।
ਅਜਿਹਾ ਕਰਦੇ ਹੋਏ ਪਾਣੀ ਦੇ ਵਹਾਅ ਵਿਚ ਕਮੀ ਅਤੇ ਕੰਢੀ ਖੇਤਰ ਵਿਚ ਘੱਟ ਮੀਂਹ ਦੇ ਅੰਦਾਜ਼ੇ ਨੂੰ ਧਿਆਨ ਵਿਚ ਰੱਖਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਡੈਮ ਵਿਚ ਪਾਣੀ ਦਾ ਪੱਧਰ ਦਿਨ ਵਿਚ ਇਕ ਵਜੇ 1389.44 ਫੁੱਟ ਤੱਕ ਪਹੁੰਚ ਜਾਣ ਦੇ ਬਾਵਜੂਦ ਇਹ ਫੈਸਲਾ ਲਿਆ ਗਿਆ। ਡੈਮ ਵਿਚ ਪਾਣੀ ਦਾ ਖਤਰਨਾਕ ਪੱਧਰ 1390 ਫੁੱਟ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੇ ਬੋਰਡ ਪ੍ਰਸ਼ਾਸਨ ਨੇ ਮੰਗਲਵਾਰ ਦੁਪਹਿਰ ਤੱਕ ਬੰਨ੍ਹ ਤੋਂ 49000 ਕਿਊਸਿਕ ਪਾਣੀ ਛੱਡਣ ਦਾ ਫੈਸਲਾ ਕੀਤਾ ਸੀ ਕਿਉਂਕਿ ਪਾਣੀ ਦਾ ਪੱਧਰ ਖਤਰਾਨਕ ਪੱਧਰ ਤੱਕ ਪਹੁੰਚ ਗਿਆ ਹੈ।