50 ਕਰੋੜ ਗਰੀਬਾਂ ਨੂੰ PM ਮੋਦੀ ਦਾ ਤੋਹਫਾ, ਪੰਜਾਬ ਸਮੇਤ 5 ਰਾਜਾਂ ਦੇ ਲੋਕ ਨਹੀਂ ਲੈ ਸਕਣਗੇ ਲਾਭ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 23 ਸਤੰਬਰ 2018 ਨੂੰ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਵਿਸ਼ਵ ਦੀ ਸਭ ਤੋਂ ਵੱਡੀ ਹੈਲਥਕੇਅਰ ਸਕੀਮ ‘ਪ੍ਰਧਾਨ ਮੰਤਰੀ ਜਨ ਅਰੋਗ ਯੋਜਨਾ’ (ਪੀ. ਐੱਮ. ਜੇ. ਏ. ਵਾਈ.) ਲਾਂਚ ਕਰ ਦਿੱਤੀ ਹੈ, ਜਿਸ ਨੂੰ ‘ਆਯੁਸ਼ਮਾਨ’ ਵੀ ਕਿਹਾ ਜਾਂਦਾ ਹੈ। ਇਸ ਯੋਜਨਾ ਦਾ ਫਾਇਦਾ ਦੇਸ਼ ਭਰ ‘ਚ 10 ਕਰੋੜ ਗਰੀਬ ਪਰਿਵਾਰਾਂ ਯਾਨੀ 50 ਕਰੋੜ ਤੋਂ ਵਧ ਲੋਕਾਂ ਨੂੰ ਮਿਲੇਗਾ। ਇਨ੍ਹਾਂ ਲੋਕਾਂ ਨੂੰ 5 ਲੱਖ ਰੁਪਏ ਤਕ ਦੇ ਇਲਾਜ ਲਈ ਕੋਈ ਪੈਸਾ ਨਹੀਂ ਖਰਚ ਕਰਨਾ ਹੋਵੇਗਾ। ਸਰਕਾਰ ਮੁਤਾਬਕ, ਹਰ ਸਾਲ ਪ੍ਰਤੀ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਫਤ ਇਲਾਜ ਕਵਰ ਦਿੱਤਾ ਜਾਵੇਗਾ। ਪਰਿਵਾਰ ਦੇ ਸਾਈਜ਼ ਅਤੇ ਉਮਰ ‘ਤੇ ਕਿਸੇ ਤਰ੍ਹਾਂ ਦੀ ਕੋਈ ਲਿਮਟ ਨਹੀਂ ਰੱਖੀ ਗਈ ਹੈ। ਇਸ ਯੋਜਨਾ ‘ਚ ਸ਼ਾਮਲ ਹੋਣ ਲਈ ਲੋਕਾਂ ਨੂੰ ਦਫਤਰਾਂ ਦੇ ਚੱਕਰ ਕੱਟਣ ਦੀ ਜ਼ਰੂਰਤ ਨਹੀਂ ਹੈ। ਸਰਕਾਰ ਸਮਾਜਿਕ-ਆਰਥਿਕ ਅਤੇ ਜਾਤੀ ਜਨਗਣਨਾ-2011 (ਐੱਸ. ਈ. ਐੱਸ. ਐੱਸ.) ਦੇ ਆਧਾਰ ‘ਤੇ ਲਾਭਪਾਤਰਾਂ ਨੂੰ ਚੁਣ ਕੇ ਖੁਦ ਕਾਰਡ ਭੇਜੇਗੀ, ਯਾਨੀ 2011 ਦੀ ਮਰਦਮਸ਼ੁਮਾਰੀ ‘ਚ ਗਰੀਬ ਵਜੋਂ ਪਛਾਣੇ ਗਏ ਵਿਅਕਤੀਆਂ ਨੂੰ ਇਸ ਲਈ ਯੋਗ ਮੰਨਿਆ ਗਿਆ ਹੈ।
ਪ੍ਰਾਈਵੇਟ ਹਸਪਤਾਲਾਂ ‘ਚ ਵੀ ਹੋਵੇਗਾ ਇਲਾਜ –
ਇਸ ਯੋਜਨਾ ਤਹਿਤ ਕਵਰ ਕੀਤੇ ਗਏ ਲਾਭਪਾਤਰ ਦੇਸ਼ ਦੇ ਕਿਸੇ ਵੀ ਸਰਕਾਰੀ ਅਤੇ ਸੂਚੀ ‘ਚ ਸ਼ਾਮਲ ਨਿੱਜੀ ਹਸਪਤਾਲਾਂ ‘ਚ ਇਲਾਜ ਕਰਾ ਸਕਣਗੇ। ਦੇਸ਼ ਦੇ 1,55,000 ਹਸਪਤਾਲ ਇਸ ਯੋਜਨਾ ਨਾਲ ਜੁੜਨ ਲਈ ਅਰਜ਼ੀ ਦੇ ਚੁੱਕੇ ਹਨ।ਇਨ੍ਹਾਂ ‘ਚੋਂ 7500 ਪ੍ਰਾਈਵੇਟ ਹਨ।10 ਹਜ਼ਾਰ ਹਸਪਤਾਲਾਂ ਨੂੰ ਹੁਣ ਤਕ ਚੁਣਿਆ ਜਾ ਚੁੱਕਾ ਹੈ। ਇਨ੍ਹਾਂ ਹਸਪਤਾਲਾਂ ‘ਚ ਛੋਟੀਆਂ-ਵੱਡੀਆਂ ਕੁੱਲ 1350 ਤੋਂ ਵਧ ਬੀਮਾਰੀਆਂ ਦਾ ਇਲਾਜ ਕੈਸ਼ਲੈੱਸ ਹੋਵੇਗਾ। ਹਸਪਤਾਲਾਂ ‘ਚ ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਚੈੱਕਅਪ ਵੀ ਮੁਹੱਈਆ ਕਰਾਏ ਜਾਣਗੇ।
2 ਲੱਖ ਲੋਕਾਂ ਨੂੰ ਮਿਲੇਗਾ ਰੋਜ਼ਗਾਰ –
ਕੇਂਦਰੀ ਸਿਹਤ ਮੰਤਰਾਲਾ ਵਲੋਂ ਕਿਹਾ ਗਿਆ ਹੈ ਕਿ ਇਸ ਯੋਜਨਾ ਅਧੀਨ 5 ਸਾਲ ਵਿਚ 2 ਲੱਖ ਨੌਕਰੀਆਂ ਕੱਢੀਆਂ ਜਾਣਗੀਆਂ।ਇਹ ਨੌਕਰੀਆਂ ਹਸਪਤਾਲਾਂ, ਬੀਮਾ ਕੰਪਨੀਆਂ, ਕਾਲ ਸੈਂਟਰਾਂ ਅਤੇ ਰਿਸਰਚ ਖੇਤਰਾਂ ‘ਚ ਨਿਕਲਣਗੀਆਂ। ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ‘ਚੋਂ ਸਿੱਧੇ ਤੌਰ ‘ਤੇ ਇਕ ਲੱਖ ਆਯੁਸ਼ਮਾਨ ਮਿੱਤਰ ਤਾਇਨਾਤ ਕੀਤੇ ਜਾਣਗੇ।
ਪੰਜਾਬ ਸਮੇਤ 5 ਸੂਬਿਆਂ ‘ਚ ਲਾਗੂ ਨਹੀਂ ਹੋਵੇਗੀ ਯੋਜਨਾ –
ਮੋਦੀ ਸਰਕਾਰ ਦੀ ਇਸ ਯੋਜਨਾ ‘ਚ ਹੁਣ ਤਕ 31 ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸ਼ਾਮਲ ਹੋਏ ਹਨ ਅਤੇ ਅਗਲੇ ਦੋ-ਤਿੰਨ ਮਹੀਨਿਆਂ ‘ਚ ਇਹ ਪ੍ਰੋਗਰਾਮ ਉਨ੍ਹਾਂ ਦੇ ਉੱਥੇ ਲਾਗੂ ਹੋ ਜਾਵੇਗਾ। ਹਾਲਾਂਕਿ ਬਾਕੀ ਬਚੇ ਪੰਜ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਇਸ ਯੋਜਨਾ ‘ਚ ਸ਼ਾਮਲ ਨਹੀਂ ਹੋਏ ਹਨ। ਇਨ੍ਹਾਂ ‘ਚ ਤੇਲੰਗਾਨਾ, ਓਡੀਸ਼ਾ, ਦਿੱਲੀ, ਕੇਰਲ ਅਤੇ ਪੰਜਾਬ ਹਨ, ਇਸ ਲਈ ਇਨ੍ਹਾਂ ‘ਚ ਇਹ ਯੋਜਨਾ ਲਾਗੂ ਨਹੀਂ ਹੋਵੇਗੀ। ਉੱਥੇ ਹੀ, ਚੰਡੀਗੜ੍ਹ ‘ਚ ਪ੍ਰਧਾਨ ਮੰਤਰੀ ਜਨ ਅਰੋਗ ਯੋਜਨਾ ਸ਼ੁਰੂ ਹੋ ਗਈ ਹੈ। ਇਸ ਯੋਜਨਾ ਦਾ ਫਾਇਦਾ ਤੁਹਾਨੂੰ ਮਿਲੇਗਾ ਜਾਂ ਨਹੀਂ, ਇਸ ਦਾ ਪਤਾ ਸਿਰਫ ਤੁਹਾਡੇ ਮੋਬਾਇਲ ਨੰਬਰ ਤੋਂ ਚੱਲ ਜਾਵੇਗਾ। ਤੁਹਾਨੂੰ https://mera.pmjay.gov.in/search/login ‘ਤੇ ਜਾ ਕੇ ਆਪਣਾ ਮੋਬਾਇਲ ਨੰਬਰ ਭਰਨਾ ਹੋਵੇਗਾ। ਮੋਬਾਇਲ ‘ਤੇ ਤੁਰੰਤ ਇਕ ਕੋਡ ਆਵੇਗਾ ਜਿਸ ਨੂੰ ਉੱਥੇ ਬਣੇ ਬਾਕਸ ‘ਚ ਭਰਨ ‘ਤੇ ਨਵਾਂ ਪੇਜ ਖੁੱਲ੍ਹ ਜਾਵੇਗਾ। ਉਸ ਪੇਜ ‘ਚ ਤੁਹਾਨੂੰ ਆਪਣਾ ਨਾਮ, ਪਿਤਾ ਦਾ ਨਾਮ ਆਦਿ ਜਾਣਕਾਰੀ ਦੇਣੀ ਹੋਵੇਗੀ। ਫਿਰ ਤੁਸੀਂ ਜਾਣ ਸਕੋਗੇ ਕਿ ਇਸ ਯੋਜਨਾ ਦੀ ਸੂਚੀ ‘ਚ ਤੁਹਾਡਾ ਨਾਮ ਹੈ ਜਾਂ ਨਹੀਂ। ਇਸ ਦੇ ਇਲਾਵਾ 14555 ਜਾਂ 1800-111-565 ‘ਤੇ ਕਾਲ ਕਰਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ।