ਲਾਹੌਰ— ਲਾਹੌਰ ਹਾਈ ਕੋਰਟ ਨੇ ਸੋਮਵਾਰ ਨੂੰ ਇਕ ਪਟੀਸ਼ਨ ‘ਤੇ ਸੁਣਵਾਈ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ 8 ਅਕਤੂਬਰ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣ ਲਈ ਤਲਬ ਕੀਤਾ ਹੈ। ਪਟੀਸ਼ਨ ‘ਚ ਸਾਬਕਾ ਪ੍ਰਧਾਨ ਮੰਤਰੀ ‘ਤੇ ਇਸ ਗੱਲ ਦਾ ਦਾਅਵਾ ਕਰਨ ਲਈ ਕਾਰਵਾਈ ਦੀ ਮੰਗ ਕੀਤੀ ਹੈ ਕਿ 2008 ‘ਚ ਮੁੰਬਈ ਅੱਤਵਾਦੀ ਹਮਲੇ ‘ਚ ਸ਼ਾਮਲ ਲੋਕ ਪਾਕਿਸਤਾਨ ਦੇ ਸਨ।
ਸ਼ਰੀਫ ਨੇ ਮਈ ‘ਚ ‘ਡਾਨ’ ਨੂੰ ਦਿੱਤੇ ਇਕ ਇੰਟਰਵਿਊ ‘ਚ ਪਹਿਲੀ ਵਾਰ ਜਨਤਕ ਹੋ ਕੇ ਸਵਿਕਾਰ ਕੀਤਾ ਸੀ ਕਿ ਪਾਕਿਸਤਾਨ ‘ਚ ਅੱਤਵਾਦੀ ਸੰਗਠਨ ਸਰਗਰਮ ਹਨ ਤੇ ਉਨ੍ਹਾਂ ਨੇ ਨਾਨ-ਸਟੇਟ ਐਲੀਮੈਂਟਸ ਨੂੰ ਸਰਹੱਦ ਪਾਰ ਕਰਨ ਤੇ ਮੁੰਬਈ ‘ਚ ਲੋਕਾਂ ਦਾ ਕਤਲ ਕਰਨ ਦੀ ਆਗਿਆ ਦਿੱਤੇ ਜਾਣ ‘ਤੇ ਸਵਾਲ ਖੜ੍ਹੇ ਕੀਤੇ ਸਨ। ਇੰਟਰਵਿਊ ‘ਚ ਉਨ੍ਹਾਂ ਨੇ ਮੁੰਬਈ ਅੱਤਵਾਦੀ ਹਮਲਿਆਂ ਦੀ ਸੁਣਵਾਈ ਲਟਕਣ ਦੀ ਵੀ ਨਿੰਦਾ ਕੀਤੀ ਸੀ। ਜੱਜ ਸਈਦ ਮਜ਼ਹਰ ਅਲੀ ਅਕਬਰ ਨਕਵੀ ਦੀ ਪ੍ਰਧਾਨਗੀ ‘ਚ ਲਾਹੌਰ ਹਾਈ ਕੋਰਟ ਦੀ ਤਿੰਨ ਮੈਂਬਰੀ ਬੈਂਚ ਨੇ ‘ਡਾਨ’ ਦੇ ਪੱਤਰਕਾਰ ਸੀਰਿਲ ਅਲਮੀਡਾ ਨੂੰ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਹੈ ਤੇ ਉਨ੍ਹਾਂ ਦਾ ਨਾਂ ਐਗਜ਼ਿਟ ਕੰਟਰੋਲ ਲਿਸਟ ‘ਚ ਵੀ ਪਾਉਣ ਨੂੰ ਕਿਹਾ ਹੈ।
ਅਦਾਲਤ ਦੇ ਇਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਸਟਿਸ ਨਕਵੀ ਨੇ ਅਲਮੀਡਾ ਦੇ ਅਦਾਲਤ ‘ਚ ਪੇਸ਼ ਨਾ ਹੋਣ ‘ਤੇ ਨਾਖੁਸ਼ੀ ਜ਼ਾਹਿਰ ਕੀਤੀ ਹੈ ਤੇ ਪੰਜਾਬ ਪੁਲਸ ਨੂੰ ਹੁਕਮ ਦਿੱਤਾ ਹੈ ਕਿ ਸੁਣਵਾਈ ਦੀ ਅਗਲੀ ਤਰੀਕ ਨੂੰ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇ। ਜੱਜ ਨੇ ਸ਼ਰੀਫ ਨੂੰ 8 ਅਕਤੂਬਰ ਨੂੰ ਸੰਮਨ ਕਰਨ ਤੋਂ ਪਹਿਲਾਂ ਵੀ ਸ਼ਰੀਫ ਦੇ ਵਕੀਲ ਨਾਸਿਰ ਭੁੱਟਾ ਤੋਂ ਪੁੱਛਿਆ ਕਿ ਕਿਉਂ ਉਨ੍ਹਾਂ ਦੇ ਮੁਵੱਕਿਲ ਸੋਮਵਾਰ ਨੂੰ ਅਦਾਲਤ ‘ਚ ਪੇਸ਼ ਨਹੀਂ ਹੋਏ।